ਕਾਠਮਾਂਡੂ, 20 ਨਵੰਬਰ (ਹਿ.ਸ.)। ਭਾਰਤ ਦੇ ਪ੍ਰਧਾਨ ਮੰਤਰੀ ਦੁਆਰਾ ਪ੍ਰਸਤਾਵਿਤ ਅੰਤਰਰਾਸ਼ਟਰੀ ਸੌਰ ਗਠਜੋੜ (ਆਈਐੱਸਏ) ਨਾਲ ਸਬੰਧਤ ਸਮਝੌਤਾ ਨੇਪਾਲ ਦੀ ਸੰਸਦ ਦੁਆਰਾ ਪਾਸ ਹੋਣ ਲਈ ਤਿਆਰ ਹੈ। ਇਸ ਸਮਝੌਤੇ ਦਾ ਖਰੜਾ ਸੰਸਦ ਸਕੱਤਰੇਤ ਵਿੱਚ ਦਰਜ ਕਰ ਲਿਆ ਗਿਆ ਹੈ ਅਤੇ ਸਾਰੇ ਸੰਸਦ ਮੈਂਬਰਾਂ ਨੂੰ ਅਧਿਐਨ ਲਈ ਭੇਜਿਆ ਗਿਆ ਹੈ।
ਨੇਪਾਲ ਦੇ ਊਰਜਾ ਮੰਤਰੀ ਸ਼ਕਤੀ ਬਸਨੇਤ ਨੇ ਕਿਹਾ ਕਿ ਸਰਕਾਰ ਨੇ ਅੰਤਰਰਾਸ਼ਟਰੀ ਸੌਰ ਗਠਜੋੜ ‘ਚ ਸ਼ਾਮਲ ਹੋਣ ਲਈ ਨੇਪਾਲ ਦੀ ਸੰਸਦ ਤੋਂ ਇਸ ਸਮਝੌਤੇ ਨੂੰ ਪਾਸ ਕਰਵਾਉਣ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਸਮਝੌਤਾ ਸੰਸਦ ਦੇ ਸਰਦ ਰੁੱਤ ਸੈਸ਼ਨ ਦੀ ਸ਼ੁਰੂਆਤ ਵਿੱਚ ਪਾਸ ਕਰਵਾ ਲਿਆ ਜਾਵੇਗਾ। ਮੰਤਰੀ ਬਸਨੇਤ ਨੇ ਦੱਸਿਆ ਕਿ ਹੁਣ ਤੱਕ ਦੁਨੀਆ ਦੇ ਸੌ ਤੋਂ ਵੱਧ ਦੇਸ਼ ਇਸ ਗਠਜੋੜ ਵਿੱਚ ਸ਼ਾਮਲ ਹੋ ਚੁੱਕੇ ਹਨ। ਨੇਪਾਲ ਵੀ ਇਸ ਵਿਚ ਸ਼ਾਮਲ ਹੋ ਕੇ ਫਾਇਦਾ ਉਠਾਉਣਾ ਚਾਹੁੰਦਾ ਹੈ।
ਇਹ ਸਮਝੌਤਾ ਨੇਪਾਲ ਦੇ ਦੋਵਾਂ ਸਦਨਾਂ ਨੂੰ ਪਾਸ ਕਰਨਾ ਹੋਵੇਗਾ। ਨੇਪਾਲ ਦੇ ਸੰਵਿਧਾਨਕ ਉਪਬੰਧਾਂ ਦੇ ਅਨੁਸਾਰ, ਕਿਸੇ ਵੀ ਅੰਤਰਰਾਸ਼ਟਰੀ ਸੰਧੀ ਸਮਝੌਤੇ ਨੂੰ ਸੰਸਦ ਦੇ ਦੋਵਾਂ ਸਦਨਾਂ ਦੁਆਰਾ ਪਾਸ ਕਰਨਾ ਹੁੰਦਾ ਹੈ। ਇਸ ਦੇ ਲਈ ਦੋਵਾਂ ਸਦਨਾਂ ਵਿੱਚ ਦੋ ਤਿਹਾਈ ਬਹੁਮਤ ਦੀ ਲੋੜ ਹੋਵੇਗੀ। ਊਰਜਾ ਮੰਤਰੀ ਬਸਨੇਤ ਨੇ ਭਰੋਸਾ ਪ੍ਰਗਟਾਇਆ ਕਿ ਦੇਸ਼ ਦੀ ਖੁਸ਼ਹਾਲੀ ਅਤੇ ਵਿਕਾਸ ਲਈ ਜ਼ਰੂਰੀ ਇਹ ਸਮਝੌਤਾ ਦੋਵਾਂ ਸਦਨਾਂ ਵੱਲੋਂ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਜਾਵੇਗਾ।
ਅੰਤਰਰਾਸ਼ਟਰੀ ਸੂਰਜੀ ਗਠਜੋੜ ਦਾ ਪ੍ਰਸਤਾਵ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਫਰਾਂਸ ਦੇ ਸਾਬਕਾ ਰਾਸ਼ਟਰਪਤੀ ਫਰਾਂਸਵਾ ਓਲਾਂਦ ਦੁਆਰਾ 30 ਨਵੰਬਰ 2015 ਨੂੰ ਪੈਰਿਸ ਵਿੱਚ ਸੰਯੁਕਤ ਰਾਸ਼ਟਰ ਜਲਵਾਯੂ ਪਰਿਵਰਤਨ ਕਾਨਫਰੰਸ (ਯੂਐੱਨਐੱਫਸੀਸੀਸੀ-ਸੀਓਪੀ21) ਦੇ 21ਵੇਂ ਸੈਸ਼ਨ ਦੌਰਾਨ ਪੇਸ਼ ਕੀਤਾ ਗਿਆ ਸੀ। ਇਸ ਦਾ ਉਦੇਸ਼ ਮੈਂਬਰ ਦੇਸ਼ਾਂ ਦੀਆਂ ਵਿਸ਼ੇਸ਼ ਊਰਜਾ ਲੋੜਾਂ ਨੂੰ ਪੂਰਾ ਕਰਨ ਲਈ ਵਿਕਲਪਕ ਊਰਜਾ ਦੇ ਸਾਧਨ ਵਜੋਂ ਸੂਰਜੀ ਊਰਜਾ ਦੀ ਵਰਤੋਂ ਨੂੰ ਅੱਗੇ ਵਧਾਉਣਾ ਹੈ। ਇਸ ਗਠਜੋੜ ਦਾ ਉਦੇਸ਼ ਜੈਵਿਕ ਈਂਧਨ ‘ਤੇ ਊਰਜਾ ਨਿਰਭਰਤਾ ਨੂੰ ਖਤਮ ਕਰਕੇ ਸੂਰਜੀ ਊਰਜਾ ਨੂੰ ਉਤਸ਼ਾਹਿਤ ਕਰਨਾ ਵੀ ਹੈ।
ਇਸ ਤੋਂ ਇਲਾਵਾ ਇਸ ਦਾ ਮੁੱਖ ਉਦੇਸ਼ ਮੈਂਬਰ ਦੇਸ਼ਾਂ ਨੂੰ ਕਿਫਾਇਤੀ ਦਰਾਂ ‘ਤੇ ਸੂਰਜੀ ਤਕਨਾਲੋਜੀ ਪ੍ਰਦਾਨ ਕਰਨਾ ਅਤੇ ਇਸ ਖੇਤਰ ਵਿਚ ਖੋਜ ਅਤੇ ਵਿਕਾਸ ਨੂੰ ਉਤਸ਼ਾਹਿਤ ਕਰਨਾ ਹੈ। ਆਈਐੱਸਏ ਸੂਰਜੀ ਸਰੋਤਾਂ ਨਾਲ ਭਰਪੂਰ ਦੇਸ਼ਾਂ ਦਰਮਿਆਨ ਸਹਿਯੋਗ ਲਈ ਇੱਕ ਸਮਰਪਿਤ ਪਲੇਟਫਾਰਮ ਪ੍ਰਦਾਨ ਕਰਦਾ ਹੈ। ਇਸ ਰਾਹੀਂ, ਸਰਕਾਰਾਂ, ਦੁਵੱਲੇ ਅਤੇ ਬਹੁਪੱਖੀ ਸੰਗਠਨਾਂ, ਕਾਰਪੋਰੇਟਸ, ਉਦਯੋਗ ਅਤੇ ਹੋਰ ਹਿੱਸੇਦਾਰਾਂ ਸਮੇਤ ਗਲੋਬਲ ਭਾਈਚਾਰਾ ਸੂਰਜੀ ਊਰਜਾ ਦੀ ਵਰਤੋਂ ਅਤੇ ਗੁਣਵੱਤਾ ਨੂੰ ਵਧਾਉਣ ਦੇ ਸਾਂਝੇ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਮਦਦ ਕਰ ਸਕਦਾ ਹੈ। ਵਰਤਮਾਨ ਵਿੱਚ 122 ਦੇਸ਼ ਇਸਦੇ ਮੈਂਬਰ ਹਨ ਅਤੇ 87 ਦੇਸ਼ਾਂ ਨੇ ਆਈਐੱਸਏ ਦੇ ਫਰੇਮਵਰਕ ਸਮਝੌਤੇ ‘ਤੇ ਹਸਤਾਖਰ ਕੀਤੇ ਹਨ, ਜਿਨ੍ਹਾਂ ਵਿੱਚੋਂ 67 ਨੇ ਸਮਰਥਨ ਪੱਤਰ ਵੀ ਜਮ੍ਹਾ ਕੀਤੇ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
