ਤਾਈਪੇ, 13 ਜਨਵਰੀ (ਹਿ. ਸ.)। ਤਾਈਵਾਨ ’ਚ ਰਾਸ਼ਟਰਪਤੀ ਅਤੇ ਵਿਧਾਨ ਸਭਾ ਚੋਣਾਂ ਲਈ ਅੱਜ ਸਵੇਰੇ 8 ਵਜੇ ਵੋਟਿੰਗ ਸ਼ੁਰੂ ਹੋ ਗਈ। ਲੋਕ ਸ਼ਾਮ 4 ਵਜੇ ਤੱਕ ਆਪਣੀ ਵੋਟ ਦਾ ਇਸਤੇਮਾਲ ਕਰ ਸਕਣਗੇ। ਸਥਾਨਕ ਅਖਬਾਰ ਤਾਈਪੇ ਟਾਈਮਜ਼ ਦੇ ਅਨੁਸਾਰ, ਹਰੇਕ ਯੋਗ ਵੋਟਰ ਰਾਸ਼ਟਰਪਤੀ ਚੋਣ ਲਈ ਇੱਕ ਵੋਟ ਪਾਵੇਗਾ, ਜਦੋਂ ਕਿ ਵਿਧਾਨ ਸਭਾ ਚੋਣਾਂ ਲਈ ਦੋ ਵੋਟਾਂ ਪਾਈਆਂ ਜਾਣਗੀਆਂ।
ਤਾਈਵਾਨ ਚੋਣ ਕਮਿਸ਼ਨ ਦੇ ਚੇਅਰਮੈਨ ਲੀ ਚਿਨ-ਯੁੰਗ ਦੇ ਅਨੁਸਾਰ, ਵੋਟਿੰਗ ਦੇ ਨਤੀਜੇ ਸ਼ਨੀਵਾਰ ਦੇਰ ਰਾਤ ਐਲਾਨੇ ਜਾਣ ਦੀ ਉਮੀਦ ਹੈ। ਕਮਿਸ਼ਨ ਦੇ ਅਨੁਸਾਰ ਕੁੱਲ 19,548,531 ਲੋਕ ਰਾਸ਼ਟਰਪਤੀ ਲਈ ਵੋਟ ਪਾਉਣ ਦੇ ਯੋਗ ਹੋਣਗੇ, ਜਦੋਂ ਕਿ ਹੋਰ 17,476 ਲੋਕ ਵਿਧਾਇਕਾਂ ਲਈ ਵੋਟ ਪਾਉਣ ਦੇ ਯੋਗ ਹੋਣਗੇ।
ਜ਼ਿਕਰਯੋਗ ਹੈ ਕਿ ਚੀਨ ਨਾਲ ਵਧਦੇ ਤਣਾਅ ਦੇ ਵਿਚਕਾਰ ਤਾਇਵਾਨ ਵਿੱਚ ਰਾਸ਼ਟਰਪਤੀ ਚੋਣਾਂ ਹੋ ਰਹੀਆਂ ਹਨ। ਇਸ ਚੋਣ ‘ਤੇ ਪੂਰੀ ਦੁਨੀਆ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਪਿਛਲੇ ਅੱਠ ਸਾਲਾਂ ਤੋਂ ਚੀਨ ਵੱਲੋਂ ਤਾਈਪੇ ‘ਤੇ ਹਮਲੇ ਦੀਆਂ ਧਮਕੀਆਂ ਨੇ ਤਾਈਵਾਨ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਤਾਈਵਾਨ ਦੇ ਲੋਕ ਦੇਸ਼ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਸਾਈ ਇੰਗ-ਵੇਨ ਦੇ ਉੱਤਰਾਧਿਕਾਰੀ ਦੀ ਚੋਣ ਕਰਨਗੇ। ਸਾਈ ਇੰਗ-ਵੇਨ 2016 ਅਤੇ 2020 ਦੀਆਂ ਚੋਣਾਂ ਜਿੱਤ ਕੇ ਰਾਸ਼ਟਰਪਤੀ ਬਣੀ। ਇਸ ਵਾਰ ਚੋਣ ਵਿੱਚ ਤਿੰਨ ਮੁੱਖ ਉਮੀਦਵਾਰ ਹਨ- ਡੈਮੋਕ੍ਰੇਟਿਕ ਪ੍ਰੋਗਰੈਸਿਵ ਪਾਰਟੀ (ਡੀਪੀਪੀ) ਤੋਂ ਲਾਈ ਚਿੰਗ-ਤੇ, ਕੁਮਿਨਟੰਗ (ਕੇਐੱਮਟੀ) ਤੋਂ ਹੂ-ਯੂ-ਈਹ ਅਤੇ ਤਾਈਵਾਨ ਪੀਪਲਜ਼ ਪਾਰਟੀ (ਟੀਪੀਪੀ) ਤੋਂ ਕੋ-ਵੇਨ-ਜੇ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
