ਟੋਕੀਓ, 07 ਜਨਵਰੀ (ਹਿ.ਸ.)। ਜਾਪਾਨ ‘ਚ ਸਿਆਸੀ ਚੰਦਾ ਘੁਟਾਲੇ ਦੀ ਅੱਗ ‘ਚ ਸੜ ਰਹੀ ਸੱਤਾਧਾਰੀ ਲਿਬਰਲ ਡੈਮੋਕ੍ਰੇਟਿਕ ਪਾਰਟੀ ਨੂੰ ਐਤਵਾਰ ਨੂੰ ਵੱਡਾ ਝਟਕਾ ਲੱਗਾ। ਹੇਠਲੇ ਸਦਨ ਦੇ ਮੈਂਬਰ ਯੋਸ਼ੀਤਾਕਾ ਇਕੇਦਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਘਪਲੇ ਦੇ ਸਬੰਧ ਵਿੱਚ ਪਹਿਲੀ ਗ੍ਰਿਫ਼ਤਾਰੀ ਤੋਂ ਬਾਅਦ ਦੋਸ਼ਾਂ ਵਿੱਚ ਘਿਰੇ ਹੋਰ ਆਗੂਆਂ ’ਤੇ ਵੀ ਗ੍ਰਿਫ਼ਤਾਰੀ ਦੀ ਤਲਵਾਰ ਲਟਕ ਗਈ ਹੈ।
ਸਥਾਨਕ ਅਖਬਾਰ ਜਾਪਾਨ ਟਾਈਮਜ਼ ਦੀ ਰਿਪੋਰਟ ਦੇ ਅਨੁਸਾਰ, ਜਾਪਾਨੀ ਅਧਿਕਾਰੀ ਘੁਟਾਲੇ ਦੀ ਜਾਂਚ ਦੇ ਸਬੰਧ ਵਿੱਚ ਦਸੰਬਰ ਦੇ ਆਖਰੀ ਹਫ਼ਤੇ ਤੋਂ ਮਰਹੂਮ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੇ ਨਜ਼ਦੀਕੀ ਨੇਤਾਵਾਂ ਤੋਂ ਪੁੱਛਗਿੱਛ ਕਰ ਰਹੇ ਸਨ। 25 ਦਸੰਬਰ ਨੂੰ ਸਾਬਕਾ ਉੱਚ ਸਰਕਾਰੀ ਬੁਲਾਰੇ ਹੀਰੋਕਾਜ਼ੂ ਮਾਤਸੁਨੋ ਅਤੇ ਮਰਹੂਮ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੇ ਨੇੜਲੇ ਹੋਰ ਨੇਤਾਵਾਂ ਤੋਂ ਘੁਟਾਲੇ ਦੇ ਸਬੰਧ ਵਿੱਚ ਪੁੱਛਗਿੱਛ ਕੀਤੀ। ਇਨ੍ਹਾਂ ਸਾਰਿਆਂ ‘ਤੇ ਚੰਦੇ ਵਜੋਂ ਇਕੱਠੇ ਕੀਤੇ ਗਏ ਫੰਡਾਂ ਵਿਚ ਕਰੋੜਾਂ ਯੇਨ ਦੀ ਗਬਨ ਕਰਨ ਦਾ ਦੋਸ਼ ਹੈ।
ਅਖਬਾਰ ਨੇ ਕਿਹਾ ਕਿ ਹੇਠਲੇ ਸਦਨ ਦੇ ਮੈਂਬਰ ਇਕੇਦਾ ਯੋਸ਼ੀਤਾਕਾ ਨੂੰ ਸਿਆਸੀ ਫੰਡਿੰਗ ਨਿਯੰਤਰਣ ਕਾਨੂੰਨਾਂ ਦੀ ਉਲੰਘਣਾ ਕਰਨ ਦੇ ਸ਼ੱਕ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। 27 ਦਸੰਬਰ ਨੂੰ ਇਕੇਦਾ ਦੇ ਦਫਤਰਾਂ ‘ਤੇ ਛਾਪਾ ਮਾਰਿਆ ਗਿਆ ਸੀ। ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਕੇਦਾ ਦੇ ਦਫਤਰ ਨੇ 2022 ਤੱਕ ਪੰਜ ਸਾਲਾਂ ਦੀ ਮਿਆਦ ਦੇ ਦੌਰਾਨ 48 ਮਿਲੀਅਨ ਯੇਨ (331,000 ਡਾਲਰ) ਤੋਂ ਵੱਧ ਦੀ ਦੁਰਵਰਤੋਂ ਕੀਤੀ ਹੈ। ਇਕੇਦਾ ਅਕਤੂਬਰ 2021 ਤੋਂ ਅਗਸਤ 2022 ਤੱਕ ਸਿੱਖਿਆ ਰਾਜ ਮੰਤਰੀ ਰਹੇ ਹਨ।
ਅਖਬਾਰ ਦੇ ਅਨੁਸਾਰ ਧੜੇ ਦੇ ਚੇਅਰਮੈਨ ਰਿਯੂ ਸ਼ਿਓਨੋਯਾ, ਸਾਬਕਾ ਜਨਰਲ ਸਕੱਤਰ ਸੁਯੋਸ਼ੀ ਤਾਕਾਗੀ ਅਤੇ ਕੌਂਸਲਰ ਦੇ ਹਾਊਸ ਵਿੱਚ ਪਾਰਟੀ ਦੇ ਸਾਬਕਾ ਜਨਰਲ ਸਕੱਤਰ, ਹਿਰੋਸ਼ੀਗੇ ਸੇਕੋ ਤੋਂ ਵੀ ਪੁੱਛਗਿੱਛ ਕੀਤੀ। ਅਖਬਾਰ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਸੱਤਾਧਾਰੀ ਪਾਰਟੀ ਦੇ ਮਾਤਸੁਨੋ, ਤਾਕਾਗੀ ਅਤੇ ਸੇਕੋ ਨੇ 2022 ਤੋਂ ਪੰਜ ਸਾਲਾਂ ਵਿੱਚ 10 ਮਿਲੀਅਨ ਯੇਨ ਤੋਂ ਵੱਧ ਦੀ ਗਬਨ ਕੀਤੀ ਹੈ। ਇਸ ਸਮੇਂ ਵਿੱਚ ਲਗਭਗ 500 ਮਿਲੀਅਨ ਯੇਨ ਇਕੱਠੇ ਕੀਤੇ ਗਏ ਸਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
