
ਸਾਨ ਫਰਾਂਸਿਸਕੋ, 15 ਨਵੰਬਰ (ਹਿ.ਸ.)। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਚੀਨ-ਅਮਰੀਕਾ ਸਿਖਰ ਸੰਮੇਲਨ ਅਤੇ 30ਵੇਂ ਏਪੀਈਸੀ ਆਰਥਿਕ ਨੇਤਾਵਾਂ ਦੀ ਬੈਠਕ ਵਿਚ ਹਿੱਸਾ ਲੈਣ ਲਈ ਮੰਗਲਵਾਰ ਨੂੰ ਸਾਨ ਫਰਾਂਸਿਸਕੋ ਪਹੁੰਚ ਗਏ। ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਬੁੱਧਵਾਰ ਨੂੰ ਸੈਨ ਫਰਾਂਸਿਸਕੋ ਵਿੱਚ ਜਿਨਪਿੰਗ ਨਾਲ ਮੁਲਾਕਾਤ ਕਰਨਗੇ। ਆਲਮੀ ਉਥਲ-ਪੁਥਲ ਦਰਮਿਆਨ ਬਿਡੇਨ ਅਤੇ ਜਿਨਪਿੰਗ ਵਿਚਾਲੇ ਹੋਣ ਵਾਲੀ ਇਸ ਅਹਿਮ ਬੈਠਕ ‘ਚ ਦੋਹਾਂ ਦੇਸ਼ਾਂ ਵਿਚਾਲੇ ਸਬੰਧਾਂ ਨੂੰ ਸੁਧਾਰਨ ‘ਤੇ ਜ਼ੋਰ ਦਿੱਤਾ ਜਾਵੇਗਾ।
ਹੋਰ ਰਿਪੋਰਟਾਂ ਅਨੁਸਾਰ ਇਸ ਮੁਲਾਕਾਤ ਨਾਲ ਦੋ ਆਲਮੀ ਸ਼ਕਤੀਆਂ ਦੇ ਦੁਵੱਲੇ ਸਬੰਧਾਂ ਵਿੱਚ ਨਰਮੀ ਆਉਣ ਦੀ ਸੰਭਾਵਨਾ ਨਹੀਂ ਹੈ। ਪਰ ਵ੍ਹਾਈਟ ਹਾਊਸ ਦੇ ਅਧਿਕਾਰੀਆਂ ਵਿਚਾਲੇ ਮਹੀਨਿਆਂ ਦੀ ਗੱਲਬਾਤ ਤੋਂ ਬਾਅਦ ਹੋਣ ਜਾ ਰਹੀ ਇਸ ਮੀਟਿੰਗ ਨੂੰ ਹਾਂ-ਪੱਖੀ ਸੰਕੇਤ ਵਜੋਂ ਦੇਖਿਆ ਜਾ ਰਿਹਾ ਹੈ। ਦੋਹਾਂ ਨੇਤਾਵਾਂ ਦੇ ਪੱਛਮੀ ਏਸ਼ੀਆ ‘ਚ ਚੱਲ ਰਹੇ ਸੰਘਰਸ਼ ਅਤੇ ਯੂਕ੍ਰੇਨ ਯੁੱਧ ‘ਤੇ ਗੱਲਬਾਤ ਕਰਨ ਦੀ ਉਮੀਦ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
