ਬੀਜਿੰਗ, 20 ਜਨਵਰੀ (ਹਿ. ਸ.)। ਚੀਨ ਦੇ ਹੇਨਾਨ ਪ੍ਰਾਂਤ ਵਿੱਚ ਛੋਟੇ ਬੱਚਿਆਂ ਦੇ ਇੱਕ ਸਕੂਲ ਦੇ ਹੋਸਟਲ ’ਚ ਅੱਗ ਲੱਗਣ ਕਾਰਨ 13 ਲੋਕਾਂ ਦੀ ਮੌਤ ਹੋ ਗਈ। ਚਾਈਨਾ ਡੇਲੀ ਨੇ ਦੱਸਿਆ ਕਿ ਇਹ ਅੱਗ ਸ਼ੁੱਕਰਵਾਰ ਰਾਤ 11 ਵਜੇ ਤੋਂ ਪਹਿਲਾਂ ਨਾਨਯਾਂਗ ਦੇ ਫਾਂਗਚੇਂਗ ਕਾਉਂਟੀ ਦੇ ਦੁਸ਼ੂ ਸ਼ਹਿਰ ਦੇ ਯਾਨਸ਼ਾਨਪੁ ਪਿੰਡ ਯਿੰਗਕਾਈ ਸਕੂਲ ਦੇ ਇੱਕ ਹੋਸਟਲ ਵਿੱਚ ਲੱਗੀ।
ਚਾਈਨਾ ਡੇਲੀ ਮੁਤਾਬਕ 13 ਲੋਕਾਂ ਦੇ ਮਰਨ ਦੀ ਪੁਸ਼ਟੀ ਹੋਈ ਹੈ ਅਤੇ ਇਕ ਵਿਅਕਤੀ ਬੁਰੀ ਤਰ੍ਹਾਂ ਨਾਲ ਝੁਲਸ ਗਿਆ ਹੈ। ਉਸਦਾ ਸਥਾਨਕ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਉਸਦੀ ਹਾਲਤ ਸਥਿਰ ਹੈ। ਬਚਾਅ ਕਰਮਚਾਰੀ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਰਾਤ 11:38 ‘ਤੇ ਅੱਗ ‘ਤੇ ਕਾਬੂ ਪਾਇਆ ਗਿਆ। ਇਹ ਸਕੂਲ ਕਿੰਡਰਗਾਰਟਨ ਅਤੇ ਪ੍ਰਾਇਮਰੀ ਗ੍ਰੇਡਾਂ ਲਈ ਸਿੱਖਿਆ ਪ੍ਰਦਾਨ ਕਰਦਾ ਹੈ। ਯਿੰਗਕਾਈ ਸਕੂਲ ਕਾਉਂਟੀ ਦੇ ਡਾਊਨਟਾਊਨ ਖੇਤਰ ਤੋਂ ਲਗਭਗ 20 ਕਿਲੋਮੀਟਰ ਦੀ ਦੂਰੀ ‘ਤੇ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਨਵੰਬਰ ‘ਚ ਉੱਤਰੀ ਚੀਨ ਦੇ ਸ਼ਾਂਕਸੀ ਸੂਬੇ ‘ਚ ਇਕ ਕੋਲਾ ਕੰਪਨੀ ਦੇ ਦਫਤਰ ‘ਚ ਅੱਗ ਲੱਗਣ ਕਾਰਨ 26 ਲੋਕਾਂ ਦੀ ਮੌਤ ਹੋ ਗਈ ਸੀ। ਪਿਛਲੇ ਸਾਲ ਅਪ੍ਰੈਲ ਵਿੱਚ ਬੀਜਿੰਗ ਦੇ ਇੱਕ ਹਸਪਤਾਲ ਵਿੱਚ ਅੱਗ ਲੱਗਣ ਕਾਰਨ 29 ਲੋਕਾਂ ਦੀ ਮੌਤ ਹੋ ਗਈ ਸੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
