ਇਸਲਾਮਾਬਾਦ, 26 ਸਤੰਬਰ (ਹਿ. ਸ.)। ਇਸਲਾਮਾਬਾਦ ਦੀ ਸਥਾਨਕ ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਬੁਸ਼ਰਾ ਬੀਬੀ ਦੇ ਵਿਆਹ ਨੂੰ ਗੈਰ-ਇਸਲਾਮਿਕ ਵਿਆਹ ਮੰਨਦਿਆਂ ਇਮਰਾਨ ਦੀ ਨਿੱਜੀ ਮੌਜੂਦਗੀ ’ਤੇ ਜ਼ੋਰ ਦਿੱਤਾ ਹੈ। ਉੱਥੇ ਹੀ ਅਟਕ ਜੇਲ੍ਹ ਦੇ ਸੁਪਰਡੈਂਟ ਨੇ ਸੁਰੱਖਿਆ ਖਤਰਿਆਂ ਕਾਰਨ ਇਮਰਾਨ ਖਾਨ ਨੂੰ ਅਦਾਲਤ ਵਿੱਚ ਪੇਸ਼ ਕਰਨ ਤੋਂ ਅਸਮਰੱਥਾ ਪ੍ਰਗਟਾਈ ਹੈ।
ਇਸ ਤੋਂ ਪਹਿਲਾਂ ਪਾਕਿਸਤਾਨ ਦੀ ਇਕ ਸਿਖਰਲੀ ਅਦਾਲਤ ਨੇ ਸੋਮਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਪੰਜਾਬ ਸੂਬੇ ਦੀ ਅਟਕ ਜੇਲ੍ਹ ਤੋਂ ਰਾਵਲਪਿੰਡੀ ਦੇ ਗੈਰੀਸਨ ਸ਼ਹਿਰ ਦੀ ਉੱਚ ਸੁਰੱਖਿਆ ਵਾਲੀ ਅਦਿਆਲਾ ਜੇਲ੍ਹ ਵਿਚ ਤਬਦੀਲ ਕਰਨ ਦਾ ਹੁਕਮ ਦਿੱਤਾ ਹੈ। ਜਾਣਕਾਰੀ ਅਨੁਸਾਰ ਇਸ ਜੇਲ੍ਹ ਵਿੱਚ ਕਮਰੇ ਦੇ ਨਾਲ-ਨਾਲ ਇੱਕ ਬਾਥਰੂਮ ਵੀ ਹੈ। ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਨੇ ਇਹ ਜਾਣਕਾਰੀ ਦਿੱਤੀ।
ਖਬਰਾਂ ਮੁਤਾਬਕ ਇਸਲਾਮਾਬਾਦ ਦੀ ਸਥਾਨਕ ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਬੁਸ਼ਰਾ ਬੀਬੀ ਨਾਲ ਗੈਰ-ਇਸਲਾਮਿਕ ਵਿਆਹ ਦੇ ਮਾਮਲੇ ’ਚ 25 ਸਤੰਬਰ (ਸੋਮਵਾਰ) ਨੂੰ ਤਲਬ ਕੀਤਾ ਹੈ। ਬੁਸ਼ਰਾ ਬੀਬੀ ਨਾਲ ਖਾਨ ਦਾ ਨਿਕਾਹ ਕਰਨ ਵਾਲੇ ਪਾਕਿਸਤਾਨੀ ਮੌਲਵੀ ਨੇ ਕਿਹਾ ਸੀ ਕਿ ਇਹ ਰਸਮ ਇਸਲਾਮੀ ਸ਼ਰੀਆ ਕਾਨੂੰਨ ਦੇ ਮੁਤਾਬਕ ਨਹੀਂ ਕਰਵਾਈ ਗਈ ਸੀ। ਮੌਲਵੀ ਮੁਫਤੀ ਸਈਦ, ਜਿਸ ਨੇ 2018 ਵਿੱਚ ਜੋੜੇ ਦੇ ਇਸਲਾਮੀ ਵਿਆਹ ਦੀ ਜ਼ਿੰਮੇਵਾਰੀ ਨਿਭਾਈ ਸੀ, ਨੇ ਅਪ੍ਰੈਲ ਵਿੱਚ ਕਿਹਾ ਸੀ ਕਿ ਇਹ ਵਿਆਹ ਬੁਸ਼ਰਾ ਬੀਬੀ ਦੇ ਈਦਤ ਸਮੇਂ ਦੌਰਾਨ ਹੋਇਆ ਸੀ।
ਦੱਸ ਦਈਏ ਕਿ ਤਲਾਕ ਜਾਂ ਪਤੀ ਦੀ ਮੌਤ ਤੋਂ ਬਾਅਦ ਮੁਸਲਿਮ ਔਰਤ ਨੂੰ ਲਗਭਗ ਚਾਰ ਮਹੀਨੇ ਤੱਕ ਪਰਦੇ ’ਚ ਰਹਿਣਾ ਪੈਂਦਾ ਹੈ, ਜਿਸ ਨੂੰ ‘ਇੱਦਤ’ ਕਿਹਾ ਜਾਂਦਾ ਹੈ। ਬੁਸ਼ਰਾ ਬੀਬੀ ਖਾਨ ਦੀ ਤੀਜੀ ਪਤਨੀ ਹਨ। ਉਨ੍ਹਾਂ ਦੀ ਉਮਰ 40 ਸਾਲ ਦੇ ਕਰੀਬ ਹੈ, ਪੰਜਾਬ ਦੇ ਇੱਕ ਜ਼ਿਮੀਂਦਾਰ ਪਰਿਵਾਰ ਵਿੱਚੋਂ ਹਨ। ਉਨ੍ਹਾਂ ਦਾ ਪਹਿਲਾ ਵਿਆਹ ਖਾਵਰ ਫਰੀਦ ਮਨੇਕਾ ਨਾਲ ਹੋਇਆ ਸੀ, ਜੋ ਲਗਭਗ 30 ਸਾਲ ਤੱਕ ਚੱਲਿਆ। ਬੁਸ਼ਰਾ ਪੰਜਾਬ ਦੇ ਸਿਆਸੀ ਤੌਰ ’ਤੇ ਪ੍ਰਭਾਵਸ਼ਾਲੀ ਪਰਿਵਾਰ ਨਾਲ ਸਬੰਧਿਤ ਹੈ।
ਅਟਕ ਜੇਲ੍ਹ ਦੇ ਸੁਪਰਡੈਂਟ ਨੇ ਸਿਵਲ ਜੱਜ ਕੁਦਰਤੁੱਲਾ ਨੂੰ ਇੱਕ ਪੱਤਰ ਲਿਖ ਕੇ ਸੁਰੱਖਿਆ ਜੋਖਮਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਸੰਘੀ ਜਾਂਚ ਵਿੱਚ ਇੱਕ ਉੱਚ-ਪ੍ਰੋਫਾਈਲ ਅੰਡਰ-ਟਰਾਇਲ ਕੈਦੀ ਸਨ। ਏਜੰਸੀ (ਐਫਆਈਏ) ਦੇ ਕਾਊਂਟਰ ਟੈਰੋਰਿਜ਼ਮ ਵਿੰਗ (ਸੀ.ਟੀ.ਡਬਲਿਊ.) ਦਾ ਸਾਈਫਰ ਕੇਸ ਸਰਕਾਰੀ ਭੇਦ ਐਕਟ ਦੇ ਤਹਿਤ ਦਾਇਰ ਰਾਜ ਦੇ ਭੇਤ ਦੇ ਕਥਿਤ ਖੁਲਾਸੇ ਨਾਲ ਸਬੰਧਤ ਹੈ।
ਪਾਰਟੀ ਨੇ ਕਿਹਾ ਕਿ ਆਈਐੱਚਸੀ ਨੇ ਮਾਮਲੇ ਦੀ ਸੁਣਵਾਈ ਕਰਦਿਆਂ ਇਹ ਹੁਕਮ ਜਾਰੀ ਕੀਤਾ ਹੈ। ਪਾਰਟੀ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਈਐਚਸੀ ਦੇ ਚੀਫ਼ ਜਸਟਿਸ ਨੇ ਪੀਟੀਆਈ ਚੇਅਰਮੈਨ ਇਮਰਾਨ ਖਾਨ ਨੂੰ ਅਟਕ ਜੇਲ੍ਹ ਤੋਂ ਰਾਵਲਪਿੰਡੀ ਦੀ ਅਦਿਆਲਾ ਜੇਲ੍ਹ ਵਿੱਚ ਤਬਦੀਲ ਕਰਨ ਦੇ ਹੁਕਮ ਦਿੱਤੇ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
