ਵਾਸ਼ਿੰਗਟਨ, 17 ਦਸੰਬਰ (ਹਿ.ਸ.)। ਗਾਜ਼ਾ ਪੱਟੀ ਵਿੱਚ ਫਲਸਤੀਨੀ ਅੱਤਵਾਦੀ ਸੰਗਠਨ ਹਮਾਸ ਅਤੇ ਇਜ਼ਰਾਈਲੀ ਸੁਰੱਖਿਆ ਬਲਾਂ ਵਿਚਾਲੇ ਛਿੜੀ ਜੰਗ ‘ਚ ਅਮਰੀਕੀ ਏਜੰਸੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ (ਯੂ. ਐੱਸ. ਏ. ਆਈ. ਡੀ.) ਦੇ ਠੇਕੇਦਾਰ 33 ਸਾਲਾ ਹਾਨੀ ਜੇਨਾ, ਉਨ੍ਹਾਂ ਦੀ ਪਤਨੀ ਅਤੇ ਦੋ ਬੇਟੀਆਂ ਦੀ ਮੌਤ ਨੂੰ ਲੈ ਕੇ ਮਾਨਵਤਾਵਾਦੀ ਅਤੇ ਵਿਕਾਸ ਕਰਮਚਾਰੀਆਂ ‘ਚ ਗੁੱਸਾ ਹੈ।
ਅਮਰੀਕਾ ਦੇ ਪ੍ਰਮੁੱਖ ਅਖਬਾਰ ‘ਦਿ ਵਾਸ਼ਿੰਗਟਨ ਪੋਸਟ’ ਮੁਤਾਬਕ ਅਮਰੀਕੀ ਏਜੰਸੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ (ਯੂਐੱਸਏਆਈਡੀ) ਨੇ ਕਿਹਾ ਹੈ ਕਿ ਹਾਨੀ ਜੇਨਾ ਆਪਣੇ ਪਰਿਵਾਰ ਨਾਲ ਗਾਜ਼ਾ ਪੱਟੀ ਦੇ ਅਲ ਸਬਰਾ ‘ਚ ਰਹਿ ਰਹੇ ਸਨ। ਜੇਨਾ ਅਤੇ ਉਨ੍ਹਾਂ ਦਾ ਪਰਿਵਾਰ 5 ਨਵੰਬਰ ਨੂੰ ਇਜ਼ਰਾਈਲੀ ਹਮਲੇ ਵਿੱਚ ਮਾਰਿਆ ਗਿਆ। ਆਪਣੀ ਮੌਤ ਤੋਂ ਪਹਿਲਾਂ, 33 ਸਾਲਾ ਹਾਨੀ ਜੇਨਾ ਨੇ ਵੈਸਟ ਬੈਂਕ ਵਿੱਚ ਆਪਣੇ ਸਾਥੀਆਂ ਨੂੰ ਇੱਕ ਸੰਦੇਸ਼ ਵਿੱਚ ਕਿਹਾ: ਮੇਰੀਆਂ ਧੀਆਂ ਡਰੀਆਂ ਹੋਈਆਂ ਹਨ। ਮੈਂ ਉਨ੍ਹਾਂ ਨੂੰ ਸ਼ਾਂਤ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਪਰ ਇਹ ਬੰਬਾਰੀ ਭਿਆਨਕ ਹੈ।
ਵਾਸ਼ਿੰਗਟਨ ਪੋਸਟ ਦੇ ਅਨੁਸਾਰ ਯੂਐੱਸਏਆਈਡੀ ਨੇ ਕਿਹਾ ਕਿ ਗਾਜ਼ਾ ਪੱਟੀ ਵਿੱਚ ਦੋ ਮਹੀਨਿਆਂ ਦੇ ਸੰਘਰਸ਼ ਦੌਰਾਨ ਹਾਨੀ ਜੇਨਾ ਸਮੇਤ ਸੈਂਕੜੇ ਮਾਨਵਤਾਵਾਦੀ ਅਤੇ ਵਿਕਾਸ ਕਰਮਚਾਰੀ ਮਾਰੇ ਗਏ ਹਨ। ਇਹ ਚਿੰਤਾ ਅਤੇ ਗੁੱਸੇ ਦਾ ਵਿਸ਼ਾ ਹੈ। ਯੂਐੱਸਏਆਈਡੀ ਨੇ ਕਿਹਾ ਹੈ ਕਿ ਰਾਸ਼ਟਰਪਤੀ ਜੋਅ ਬਿਡੇਨ ਨੂੰ ਗਾਜ਼ਾ ਪੱਟੀ ਵਿੱਚ ਹੋਏ ਖ਼ੂਨ-ਖ਼ਰਾਬੇ ‘ਤੇ ਤੁਰੰਤ ਦਖ਼ਲ ਦੇਣਾ ਚਾਹੀਦਾ ਹੈ। ਬਿਡੇਨ ਪ੍ਰਸ਼ਾਸਨ ਨੂੰ ਨਾਗਰਿਕ ਖੂਨ-ਖਰਾਬੇ ਨੂੰ ਸੀਮਤ ਕਰਨ ਲਈ ਇਜ਼ਰਾਈਲ ‘ਤੇ ਦਬਾਅ ਵਧਾਉਣਾ ਚਾਹੀਦਾ ਹੈ।
ਯੂਐੱਸਏਆਈਡੀ ਦੇ ਅਨੁਸਾਰ, 7 ਅਕਤੂਬਰ ਤੋਂ ਗਾਜ਼ਾ ਵਿੱਚ ਸੰਯੁਕਤ ਰਾਸ਼ਟਰ ਦੇ 135 ਰਾਹਤ ਕਰਮਚਾਰੀ ਮਾਰੇ ਜਾ ਚੁੱਕੇ ਹਨ। ਇਹ ਸੰਸਥਾ ਦੇ 78 ਸਾਲਾਂ ਦੇ ਇਤਿਹਾਸ ਵਿੱਚ ਕਿਸੇ ਇੱਕ ਸੰਘਰਸ਼ ’ਚ ਸਭ ਨਾਲੋਂ ਵੱਧ ਮੌਤਾਂ ਹਨ। ਸੇਵ ਦ ਚਿਲਡਰਨ ਵਰਗੇ ਵੱਡੇ ਸਹਾਇਤਾ ਸਮੂਹਾਂ ਨੂੰ ਵੀ ਨੁਕਸਾਨ ਹੋਇਆ ਹੈ। ਯੂਐੱਸਏਆਈਡੀ ਨੇ ਮੰਗਲਵਾਰ ਨੂੰ ਕਿਹਾ ਕਿ 10 ਦਸੰਬਰ ਨੂੰ ਇਜ਼ਰਾਈਲੀ ਹਵਾਈ ਹਮਲੇ ‘ਚ ਉਨ੍ਹਾਂ ਦੇ ਸੰਗਠਨ ਦੇ 10 ਹੋਰ ਮੈਂਬਰ ਵੀ ਮਾਰੇ ਗਏ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
