ਵਾਸ਼ਿੰਗਟਨ, 18 ਦਸੰਬਰ (ਹਿ.ਸ.)। ਅਮਰੀਕਾ ਨੇ ਇਜ਼ਰਾਈਲ ਨੂੰ ਗਾਜ਼ਾ ਪੱਟੀ ਵਿੱਚ ਫਲਸਤੀਨੀ ਅੱਤਵਾਦੀ ਸੰਗਠਨ ਹਮਾਸ ਦੇ ਨਾਲ ਜੰਗ ਵਿੱਚ ਸੰਜਮ ਵਰਤਣ ਦਾ ਸੱਦਾ ਦਿੱਤਾ ਹੈ। ਇਜ਼ਰਾਈਲ ਅਮਰੀਕਾ ਦੇ ਇਸ ਦਬਾਅ ਤੋਂ ਬੇਫਿਕਰ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਦੁਨੀਆ ਨੂੰ ਸਪੱਸ਼ਟ ਸੰਦੇਸ਼ ਦਿੱਤਾ ਹੈ। ਉਨ੍ਹਾਂ ਨੇ ਗਾਜ਼ਾ ’ਚ ‘ਅੰਤ ਤੱਕ ਲੜਨ’ ਦਾ ਆਪਣਾ ਸੰਕਲਪ ਦੁਹਰਾਇਆ ਹੈ।
ਅਮਰੀਕਾ ਦੇ ਪ੍ਰਮੁੱਖ ਅਖਬਾਰ ‘ਦਿ ਨਿਊਯਾਰਕ ਟਾਈਮਜ਼’ ਮੁਤਾਬਕ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਗਾਜ਼ਾ ‘ਚ ‘ਅੰਤ ਤੱਕ ਲੜਨ’ ਦੀ ਸਹੁੰ ਖਾਧੀ ਹੈ, ਕਿਉਂਥਿ ਪਿਛਲੇ ਹਫਤੇ ਤਿੰਨ ਇਜ਼ਰਾਈਲੀ ਬੰਧਕਾਂ ਦੀ ਹੱਤਿਆ ‘ਤੇ ਉਨ੍ਹਾਂ ਦੇ ਦੇਸ਼ ‘ਚ ਗੁੱਸਾ ਫੈਲਿਆ ਹੋਇਆ ਹੈ। ਬੰਧਕਾਂ ਨੂੰ ਇਜ਼ਰਾਈਲੀ ਬਲਾਂ ਦੁਆਰਾ ਗਲਤੀ ਨਾਲ ਗੋਲੀ ਮਾਰ ਦਿੱਤੀ ਗਈ ਸੀ। ਇਹ ਬੰਧਕ ਚਿੱਟੇ ਝੰਡੇ ਲਹਿਰਾ ਰਹੇ ਸਨ। ਉਨ੍ਹਾਂ ਦੀ ਮੌਤ ਨੇ ਨਵੇਂ ਸਵਾਲ ਖੜ੍ਹੇ ਕਰ ਦਿੱਤੇ ਹਨ ਕਿ ਨੇਤਨਯਾਹੂ ਦੀ ਸਰਕਾਰ ਯੁੱਧ ਕਿਵੇਂ ਸੰਚਾਲਿਤ ਕਰ ਰਹੀ ਹੈ ?
ਇਸ ਅਮਰੀਕੀ ਅਖਬਾਰ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦਫਤਰ ਦੇ ਹਵਾਲੇ ਨਾਲ ਆਪਣੀ ਵੈੱਬਸਾਈਟ ‘ਤੇ ਇਕ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ। ਇਸ ਅਨੁਸਾਰ ਨੇਤਨਯਾਹੂ ਨੇ ਕੱਲ੍ਹ ਇੱਕ ਪੱਤਰ ਪੜ੍ਹ ਕੇ ਸਰਕਾਰੀ ਮੀਟਿੰਗ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਕਿਹਾ, ‘ਇਹ ਪੱਤਰ ਗਾਜ਼ਾ ‘ਚ ਲੜਦੇ ਹੋਏ ਮਰਨ ਵਾਲੇ ਇਜ਼ਰਾਇਲੀ ਸੈਨਿਕਾਂ ਦੇ ਪਰਿਵਾਰਾਂ ਵੱਲੋਂ ਆਇਆ ਹੈ। ਇਸ ’ਚ ਕਿਹਾ ਗਿਆ ਹੈ ਕਿ ਤੁਹਾਨੂੰ ਲੜਨ ਦਾ ਫ਼ਤਵਾ ਹੈ। ਤੁਹਾਨੂੰ ਅੱਧ ਵਿਚਕਾਰ ਰੋਕਣ ਦੇ ਆਦੇਸ਼ ਨਹੀਂ ਹਨ।’’
ਹਾਲਾਂਕਿ, ਉਨ੍ਹਾਂ ਨੇ ਕਿਹਾ ਕਿ ਇਹ ਪੱਤਰ ਗਾਜ਼ਾ ਵਿੱਚ ਅਜੇ ਵੀ ਬੰਧਕ ਬਣਾਏ ਗਏ ਇਜ਼ਰਾਈਲੀ ਨਾਗਰਿਕਾਂ ਦੇ ਰਿਸ਼ਤੇਦਾਰਾਂ ਦੇ ਸੰਦੇਸ਼ ਨਾਲ ਮੇਲ ਨਹੀਂ ਖਾਂਦਾ ਹੈ। ਇਨ੍ਹਾਂ ਵਿੱਚੋਂ ਕਈ ਲੋਕ ਜੰਗਬੰਦੀ ਦੀ ਮੰਗ ਕਰਨ ਲਈ ਸੜਕਾਂ ‘ਤੇ ਉਤਰ ਆਏ ਹਨ ਤਾਂ ਜੋ ਉਨ੍ਹਾਂ ਦੇ ਪਿਆਰੇ ਘਰ ਵਾਪਸ ਆ ਸਕਣ।
ਦ ਨਿਊਯਾਰਕ ਟਾਈਮਜ਼ ਮੁਤਾਬਕ ਅਮਰੀਕੀ ਰੱਖਿਆ ਮੰਤਰੀ ਲੋਇਡ ਆਸਟਿਨ ਇਸ ਹਫਤੇ ਮੱਧ ਪੂਰਬ ਦੀ ਯਾਤਰਾ ਕਰ ਰਹੇ ਹਨ। ਇਨ੍ਹਾਂ ਵਿੱਚ ਇਜ਼ਰਾਈਲ ਅਤੇ ਫਾਰਸ ਦੀ ਖਾੜੀ ਦੇ ਤਿੰਨ ਦੇਸ਼ ਸ਼ਾਮਲ ਹਨ। ਬਿਡੇਨ ਪ੍ਰਸ਼ਾਸਨ ਇਜ਼ਰਾਈਲ ‘ਤੇ ਵੱਡੇ ਪੱਧਰ ‘ਤੇ ਸ਼ੁਰੂ ਕੀਤੇ ਗਏ ਜ਼ਮੀਨੀ ਅਤੇ ਹਵਾਈ ਮੁਹਿੰਮ ਨੂੰ ਕੁਝ ਹਫ਼ਤਿਆਂ ਦੇ ਅੰਦਰ ਖਤਮ ਕਰਨ ਲਈ ਦਬਾਅ ਬਣਾ ਰਿਹਾ ਹੈ।
ਅਮਰੀਕੀ ਅਧਿਕਾਰੀਆਂ ਮੁਤਾਬਕ ਆਸਟਿਨ ਤੋਂ ਇਜ਼ਰਾਈਲੀ ਨੇਤਾਵਾਂ ਨਾਲ ਵਿਸ਼ੇਸ਼ ਬਲਾਂ ਦੇ ਛੋਟੇ ਸਮੂਹਾਂ ਦੀ ਵਰਤੋਂ ‘ਤੇ ਚਰਚਾ ਕਰਨ ਦੀ ਉਮੀਦ ਹੈ। ਇਹ ਸਮੂਹ ਹਮਾਸ ਕਮਾਂਡਰਾਂ ਨੂੰ ਲੱਭਣ ਅਤੇ ਮਾਰਨ, ਬੰਧਕਾਂ ਨੂੰ ਬਚਾਉਣ ਅਤੇ ਸੁਰੰਗਾਂ ਨੂੰ ਨਸ਼ਟ ਕਰਨ ਲਈ ਵਧੇਰੇ ਸਟੀਕ ਕਾਰਵਾਈਆਂ ਸ਼ੁਰੂ ਕਰਨਗੇ। ਅਖਬਾਰ ਦਾ ਕਹਿਣਾ ਹੈ ਕਿ ਜਰਮਨੀ ਅਤੇ ਬ੍ਰਿਟੇਨ ਨੇ ਵੀ ਇਜ਼ਰਾਈਲ ਲਈ ਆਪਣੇ ਪਿਛਲੇ ਪੂਰੇ ਸਮਰਥਨ ’ਚ ਇੱਕ ਵੱਡੀ ਤਬਦੀਲੀ ਕਰਦੇ ਹੋਏ ‘ਸਥਾਈ ਜੰਗਬੰਦੀ’ ਦੀ ਵਕਾਲਤ ਕੀਤੀ।
ਨਿਊਯਾਰਕ ਟਾਈਮਜ਼ ਨੇ ਗਾਜ਼ਾ ਦੇ ਸਿਹਤ ਮੰਤਰਾਲੇ ਦੇ ਹਵਾਲੇ ਨਾਲ ਦੱਸਿਆ ਕਿ ਮ੍ਰਿਤਕਾਂ ਦੀ ਗਿਣਤੀ 20,000 ਦੇ ਨੇੜੇ ਪਹੁੰਚ ਰਹੀ ਹੈ। ਇਨ੍ਹਾਂ ਵਿੱਚ ਇੱਕੋ ਪਰਿਵਾਰ ਦੇ 100 ਤੋਂ ਵੱਧ ਲੋਕ ਸ਼ਾਮਲ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
