ਮਾਸਕੋ, 23 ਮਾਰਚ । ਨਾਮੀ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈਐਸਆਈ) ਨੇ ਰੂਸ ਦੀ ਰਾਜਧਾਨੀ ਮਾਸਕੋ ‘ਤੇ ਹੋਏ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਸੰਗਠਨ ਨੇ ਨਿਊਜ਼ ਏਜੰਸੀ ਅਮਾਕ ’ਚ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਉਸ ਨੇ ਮਾਸਕੋ ਦੇ ਬਾਹਰੀ ਇਲਾਕੇ ਕ੍ਰਾਸਨੋਗੋਰਸਕ ਸ਼ਹਿਰ ਵਿਚ ਈਸਾਈਆਂ ਦੇ ਇਕ ਵੱਡੇ ਇਕੱਠ ‘ਤੇ ਹਮਲਾ ਕੀਤਾ। ਇਸ ‘ਚ ਵੱਡੀ ਗਿਣਤੀ ‘ਚ ਲੋਕ ਮਾਰੇ ਗਏ ਅਤੇ ਸੈਂਕੜੇ ਜ਼ਖਮੀ ਹੋਏ ਹਨ।
ਜ਼ਿਕਰਯੋਗ ਹੈ ਕਿ ਮਾਸਕੋ ਦੇ ਕ੍ਰਾਸਨੋਗੋਰਸਕ ਸ਼ਹਿਰ ਦੇ ਕ੍ਰੋਕਸ ਸਿਟੀ ਹਾਲ (ਸੰਗੀਤ ਸਥਾਨ) ‘ਤੇ ਹੋਏ ਹਮਲੇ ‘ਚ 60 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਇਹ ਹਮਲਾ ਸ਼ੁੱਕਰਵਾਰ ਸ਼ਾਮ ਨੂੰ ਹੋਇਆ। ਤਾਸ ਨਿਊਜ਼ ਏਜੰਸੀ ਨੇ ਰੂਸੀ ਜਾਂਚ ਏਜੰਸੀ ਦੇ ਇੱਕ ਸੂਤਰ ਦੇ ਹਵਾਲੇ ਨਾਲ ਕਿਹਾ ਕਿ ਅਸਾਲਟ ਰਾਈਫਲਾਂ ਨਾਲ ਲੈਸ ਅਣਪਛਾਤੇ ਬੰਦੂਕਧਾਰੀਆਂ ਨੇ ਕ੍ਰੋਕਸ ਸਿਟੀ ਹਾਲ ‘ਤੇ ਹਮਲਾ ਕੀਤਾ ਅਤੇ ਗੋਲੀਬਾਰੀ ਕੀਤੀ। ਇਸ ਦੌਰਾਨ ਧਮਾਕੇ ਕਾਰਨ ਇਮਾਰਤ ਹਿੱਲ ਗਈ ਅਤੇ ਅੱਗ ਲੱਗ ਗਈ। ਸ਼ੁਰੂਆਤੀ ਜਾਂਚ ‘ਚ ਅੱਤਵਾਦੀ ਹਮਲੇ ‘ਚ 60 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ। ਮਾਸਕੋ ਦੇ ਸਮੇਂ ਅਨੁਸਾਰ ਸਵੇਰੇ 2:00 ਵਜੇ ਤੱਕ, 80 ਲੋਕਾਂ ਨੂੰ ਮਾਸਕੋ ਦੇ ਹਸਪਤਾਲਾਂ ਵਿੱਚ ਲਿਜਾਇਆ ਗਿਆ। ਇਸ ਤੋਂ ਥੋੜ੍ਹੀ ਦੇਰ ਬਾਅਦ, ਹਸਪਤਾਲ ਵਿਚ ਦਾਖਲ 145 ਲੋਕਾਂ ਦੀ ਸੂਚੀ ਸਿਹਤ ਮੰਤਰਾਲੇ ਦੀ ਵੈੱਬਸਾਈਟ ‘ਤੇ ਅਪਡੇਟ ਕੀਤੀ ਗਈ। ਇਸ ਦੌਰਾਨ, ਮਾਸਕੋ ਦੇ ਮੇਅਰ ਸਰਗੇਈ ਸੋਬਯਾਨਿਨ ਨੇ ਅਗਲੇ ਦੋ ਦਿਨਾਂ ਵਿੱਚ ਰਾਜਧਾਨੀ ਵਿੱਚ ਸਾਰੇ ਜਨਤਕ ਸਮਾਗਮਾਂ ਨੂੰ ਰੱਦ ਕਰ ਦਿੱਤਾ ਹੈ।
