ਮਾਸਕੋ, 26 ਸਤੰਬਰ (ਹਿ. ਸ.)। ਰੂਸ ਨੇ ਸੋਮਵਾਰ ਦੇਰ ਰਾਤ ਯੂਕਰੇਨ ਦੇ ਹਮਲੇ ਨੂੰ ਨਾਕਾਮ ਕਰ ਦਿੱਤਾ। ਯੂਕਰੇਨ ਨੇ ਰੂਸ ਦੇ ਬੇਲਗੋਰੋਡ ਅਤੇ ਕੁਰਸਕ ਖੇਤਰਾਂ ਨੂੰ ਨਿਸ਼ਾਨਾ ਬਣਾਇਆ। ਰੂਸ ਦੀ ਹਵਾਈ ਰੱਖਿਆ ਪ੍ਰਣਾਲੀ ਨੇ ਯੂਕਰੇਨ ਦੇ 11 ਡਰੋਨਾਂ ਨੂੰ ਡੇਗ ਦਿੱਤਾ। ਰੂਸੀ ਰੱਖਿਆ ਮੰਤਰਾਲੇ ਦੇ ਹਵਾਲੇ ਨਾਲ ਮੀਡੀਆ ਰਿਪੋਰਟਾਂ ’ਚ ਇਹ ਜਾਣਕਾਰੀ ਦਿੱਤੀ ਗਈ ਹੈ।
ਰੂਸ ਦੇ ਰੱਖਿਆ ਮੰਤਰਾਲੇ ਨੇ ਟੈਲੀਗ੍ਰਾਮ ਮੈਸੇਜਿੰਗ ਐਪ ’ਤੇ ਕਿਹਾ ਕਿ ਕੁੱਲ ਸੱਤ ਬੇਲਗੋਰੋਡ ’ਚ ਅਤੇ ਚਾਰ ਡਰੋਨ ਕੁਰਸਕ ਖੇਤਰ ’ਚ ਡੇਗੇ ਗਏ। ਹਾਲਾਂਕਿ ਮੰਤਰਾਲੇ ਨੇ ਇਸ ਦੌਰਾਨ ਮਰਨ ਵਾਲਿਆਂ ਦੀ ਗਿਣਤੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਜ਼ਿਕਰਯੋਗ ਹੈ ਕਿ ਬੇਲਗੋਰੋਡ ਅਤੇ ਕੁਰਸਕ ਦੋਵੇਂ ਖੇਤਰ ਯੂਕਰੇਨ ਦੀ ਸਰਹੱਦ ’ਤੇ ਹਨ। ਰੂਸ ਦੀ ਇਸ ਕਾਰਵਾਈ ’ਤੇ ਯੂਕਰੇਨ ਨੇ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।
ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਰੂਸ ਨੇ ਸੋਮਵਾਰ ਨੂੰ ਓਡੇਸਾ, ਯੂਕਰੇਨ ਵਿੱਚ ਅਨਾਜ ਭੰਡਾਰਨ ਕੇਂਦਰਾਂ ਅਤੇ ਬੁਨਿਆਦੀ ਢਾਂਚੇ ਨੂੰ ਤੇਜ਼ ਡਰੋਨ ਅਤੇ ਮਿਜ਼ਾਈਲ ਹਮਲਿਆਂ ਨਾਲ ਨਿਸ਼ਾਨਾ ਬਣਾਇਆ। ਇਸ ’ਚ ਚਾਰ ਲੋਕਾਂ ਦੀ ਮੌਤ ਹੋ ਗਈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
