ਮੁੰਬਈ, 17 ਦਸੰਬਰ (ਹਿ. ਸ.)। ਮਸ਼ਹੂਰ ਅਦਾਕਾਰ ਸ਼੍ਰੇਅਸ ਤਲਪੜੇ ਨੂੰ ਵੀਰਵਾਰ 15 ਦਸੰਬਰ ਨੂੰ ਦਿਲ ਦਾ ਦੌਰਾ ਪਿਆ ਸੀ। ਉਨ੍ਹਾਂ ਦਾ ਇਲਾਜ ਮੁੰਬਈ ਦੇ ਅੰਧੇਰੀ ਦੇ ਵੈੱਲਵਿਊ ਹਸਪਤਾਲ ‘ਚ ਚੱਲ ਰਿਹਾ ਹੈ। ਸ਼੍ਰੇਅਸ ਦੀ ਐਂਜੀਓਪਲਾਸਟੀ ਕੀਤੀ ਗਈ ਹੈ। ਉਨ੍ਹਾਂ ਦੇ ਪਰਿਵਾਰ ਨੇ ਦੱਸਿਆ ਕਿ ਸਰਜਰੀ ਤੋਂ ਬਾਅਦ ਸ਼੍ਰੇਅਸ ਦੀ ਹਾਲਤ ਸਥਿਰ ਹੋ ਗਈ ਹੈ। ਹੁਣ ਕਿਹਾ ਜਾ ਰਿਹਾ ਹੈ ਕਿ ਸ਼੍ਰੇਅਸ ਨੂੰ ਜਲਦੀ ਹੀ ਹਸਪਤਾਲ ਤੋਂ ਛੁੱਟੀ ਮਿਲ ਜਾਵੇਗੀ।
ਸ਼੍ਰੇਅਸ ਤਲਪੜੇ ਦੇ ਕਰੀਬੀ ਦੋਸਤ ਫਿਲਮਕਾਰ ਸੋਹਮ ਸ਼ਾਹ ਨੇ ਮੀਡੀਆ ਨੂੰ ਦਿੱਤੇ ਇੰਟਰਵਿਊ ‘ਚ ਸ਼੍ਰੇਅਸ ਦੀ ਸਿਹਤ ਬਾਰੇ ਅਪਡੇਟ ਦਿੱਤੀ ਹੈ। ਸੋਹਮ ਸ਼ਾਹ ਨੇ ਕਿਹਾ, ”ਸ਼੍ਰੇਅਸ ਦੀ ਸਿਹਤ ‘ਚ ਕਾਫੀ ਸੁਧਾਰ ਹੋਇਆ ਹੈ। ਡਾਕਟਰ ਅਨੁਸਾਰ ਅੱਜ ਰਾਤ ਜਾਂ ਕੱਲ੍ਹ ਸਵੇਰ ਤੱਕ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਜਾਵੇਗੀ। ਅੱਜ ਸਵੇਰੇ ਉਹ ਮੇਰੇ ਵੱਲ ਦੇਖ ਮੁਸਕਰਾਇਆ। ਸੋਹਮ ਸ਼ਾਹ ਨੇ ਕਿਹਾ ਕਿ ਇਹ ਸਾਡੇ ਸਾਰਿਆਂ ਲਈ ਸੁੱਖ ਦੀ ਗੱਲ ਹੈ।’’
ਸੋਹਮ ਸ਼ਾਹ ਨੇ ਸ਼੍ਰੇਅਸ ਤਲਪੜੇ ਦੀ ਪਤਨੀ ਦੀਪਤੀ ਤਲਪੜੇ ਦੀ ਵੀ ਤਾਰੀਫ ਕੀਤੀ। ਉਨ੍ਹਾਂ ਨੇ ਕਿਹਾ, “ਮੈਂ ਸਹੀ ਸਮੇਂ ‘ਤੇ ਸਹੀ ਫੈਸਲਾ ਲੈਣ ਲਈ ਦੀਪਤੀ ਦਾ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਹਾਂ। ਸ਼੍ਰੇਅਸ ਤਲਪੜੇ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਬਿਨਾਂ ਦੇਰੀ ਦੇ ਹਸਪਤਾਲ ‘ਚ ਭਰਤੀ ਕਰਵਾਉਣਾ ਬੇਹੱਦ ਚੁਣੌਤੀਪੂਰਨ ਸੀ। ਮੈਂ ਅਜਿਹੀ ਸਥਿਤੀ ਵਿੱਚ ਦੀਪਤੀ ਦੁਆਰਾ ਦਿਖਾਈ ਮੁਸਤੈਦੀ ਦੀ ਸ਼ਲਾਘਾ ਕਰਨਾ ਚਾਹਾਂਗਾ।’’
ਸ਼੍ਰੇਅਸ ਫਿਲਮ ‘ਵੈਲਕਮ ਟੂ ਦ ਜੰਗਲ’ ਦੀ ਸ਼ੂਟਿੰਗ ਖਤਮ ਕਰਕੇ ਘਰ ਪਹੁੰਚੇ ਸਨ। ਸ਼ੂਟਿੰਗ ਦੌਰਾਨ ਉਨ੍ਹਾਂ ਨੇ ਕੁਝ ਐਕਸ਼ਨ ਸੀਨ ਸ਼ੂਟ ਕੀਤੇ ਸਨ। ਸੈੱਟ ‘ਤੇ ਹੀ ਬੇਚੇਨੀ ਮਹਿਸੂਸ ਹੋਣ ਲੱਗੀ। ਹਾਲਾਂਕਿ ਜਦੋਂ ਉਹ ਘਰ ਗਏ ਤਾਂ ਉਨ੍ਹਾਂ ਦੀ ਬੇਚੈਨੀ ਵਧ ਗਈ। ਸ਼੍ਰੇਅਸ ਦੀ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਦੀ ਪਤਨੀ ਦੀਪਤੀ ਨੇ ਉਨ੍ਹਾਂ ਨੂੰ ਤੁਰੰਤ ਹਸਪਤਾਲ ‘ਚ ਭਰਤੀ ਕਰਵਾਇਆ। ਡਾਕਟਰ ਨੇ ਦੱਸਿਆ ਕਿ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
