ਮੁੰਬਈ, 24 ਦਸੰਬਰ (ਹਿ. ਸ.)। ਬਾਕਸ ਆਫਿਸ ‘ਤੇ ਇਕ ਵਾਰ ਫਿਰ ਪ੍ਰਭਾਸ ਦਾ ਜਾਦੂ ਦੇਖਣ ਨੂੰ ਮਿਲਿਆ ਹੈ। ਉਨ੍ਹਾਂ ਦੀ ਫਿਲਮ ‘ਸਾਲਾਰ’ ਨੇ ਅਸਲ ‘ਚ ਪ੍ਰਸ਼ੰਸਕਾਂ ਨੂੰ ਆਪਣਾ ਦੀਵਾਨਾ ਬਣਾ ਦਿੱਤਾ ਹੈ ਕਿਉਂਕਿ ਰਿਲੀਜ਼ ਦੇ ਪਹਿਲੇ ਹੀ ਦਿਨ ਫਿਲਮ ਨੇ ਬਾਕਸ ਆਫਿਸ ‘ਤੇ ਧਮਾਲ ਮਚਾ ਦਿੱਤੀ।
ਫਿਲਮ ਦੇ ਧਮਾਕੇਦਾਰ ਐਕਸ਼ਨ ਸੀਨਜ਼ ਅਤੇ ਸਟਾਰ ਕਾਸਟ ਦੇ ਪ੍ਰਦਰਸ਼ਨ ਦੀ ਤਾਰੀਫ ਕੀਤੀ ਜਾ ਰਹੀ ਹੈ। ਪਹਿਲੇ ਦਿਨ 90 ਕਰੋੜ ਦੀ ਕਮਾਈ ਕਰਨ ਤੋਂ ਬਾਅਦ ਸਾਲਾਰ ਪਾਰਟ-1 ਸੀਜ਼ਫਾਇਰ ਨੇ ਦੂਜੇ ਦਿਨ ਵੀ ਬਾਕਸ ਆਫਿਸ ‘ਤੇ ਹਲਚਲ ਮਚਾ ਦਿੱਤੀ ਹੈ। ਸੈਕਨਿਲਕ ਦੀ ਰਿਪੋਰਟ ਮੁਤਾਬਕ ਪ੍ਰਭਾਸ ਦੀ ਫਿਲਮ ‘ਸਾਲਾਰ’ ਨੇ ਰਿਲੀਜ਼ ਦੇ ਦੂਜੇ ਦਿਨ ਸਾਰੀਆਂ ਭਾਸ਼ਾਵਾਂ ‘ਚ ਲਗਭਗ 57.61 ਕਰੋੜ ਰੁਪਏ ਦਾ ਕਾਰੋਬਾਰ ਕਰ ਲਿਆ ਹੈ। ਇਸ ਨਾਲ ਫਿਲਮ ਦੀ ਕੁੱਲ ਕਮਾਈ 148.31 ਕਰੋੜ ਰੁਪਏ ਹੋ ਗਈ ਹੈ। ਸਾਰਿਆਂ ਨੂੰ ਉਮੀਦ ਸੀ ਕਿ ‘ਸਾਲਾਰ’ ਰਿਲੀਜ਼ ਤੋਂ ਬਾਅਦ ਬਾਕਸ ਆਫਿਸ ‘ਤੇ ਕਮਾਈ ਦੇ ਰਿਕਾਰਡ ਤੋੜੇਗੀ।
‘ਸਾਲਾਰ’ ਬਾਕਸ ਆਫਿਸ ‘ਤੇ ਜ਼ਬਰਦਸਤ ਹਿੱਟ ਰਹੀ ਹੈ, ਜਿਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਫਿਲਮ ਆਪਣੇ ਸ਼ੁਰੂਆਤੀ ਵੀਕੈਂਡ ‘ਤੇ ਬਾਕਸ ਆਫਿਸ ‘ਤੇ ਆਸਾਨੀ ਨਾਲ 200 ਕਰੋੜ ਰੁਪਏ ਕਮਾ ਲਵੇਗੀ। ਨਿਰਦੇਸ਼ਕ ਪ੍ਰਸ਼ਾਂਤ ਨੀਲ ਲਈ ਸਾਲਾਰ ਬਹੁਤ ਮਹੱਤਵਪੂਰਨ ਫਿਲਮ ਹੈ। ਇਸ ਤੋਂ ਪਹਿਲਾਂ ਉਹ ਰੌਕਿੰਗ ਸਟਾਰ ਯਸ਼ ਨਾਲ ‘ਕੇਜੀਐਫ ਚੈਪਟਰ 1’ ਅਤੇ ‘ਕੇਜੀਐਫ ਚੈਪਟਰ 2’ ਵਰਗੀਆਂ ਬਲਾਕਬਸਟਰ ਫਿਲਮਾਂ ਕਰ ਚੁੱਕੇ ਹਨ। ਹੁਣ ਉਨ੍ਹਾਂ ਦੀਆਂ ਸੁਪਰਹਿੱਟ ਫਿਲਮਾਂ ਦੀ ਸੂਚੀ ‘ਚ ‘ਸਾਲਾਰ’ ਵੀ ਸ਼ਾਮਲ ਹੋ ਜਾਵੇਗੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
