ਲਖਨਊ, 27 ਜਨਵਰੀ । ਚਿਨਹਟ ਥਾਣਾ ਖੇਤਰ ‘ਚ ਇੱਕ ਟਰਾਂਸਫਾਰਮਰ ਫੈਕਟਰੀ ‘ਚੋਂ 80 ਲੱਖ ਰੁਪਏ ਦੀ ਕੀਮਤ ਦਾ ਅੱਠ ਟਨ ਤਾਂਬਾ ਚੋਰੀ ਹੋ ਗਿਆ। ਫੈਕਟਰੀ ਮਾਲਕ ਸੰਜੀਵ ਅਗਰਵਾਲ ਨੂੰ ਸ਼ਨੀਵਾਰ ਸਵੇਰੇ ਲੁੱਟ ਦੀ ਸੂਚਨਾ ਮਿਲੀ। ਫੈਕਟਰੀ ਮਾਲਕ ਨੇ ਇਸ ਲੁੱਟ ਦੀ ਸੂਚਨਾ ਪੁਲਿਸ ਥਾਣਾ ਚਿਨਹਟ ਅਤੇ ਪੁਲਿਸ ਡਿਪਟੀ ਕਮਿਸ਼ਨਰ ਆਸ਼ੀਸ਼ ਸ੍ਰੀਵਾਸਤਵ ਨੂੰ ਦਿੱਤੀ। ਡਿਪਟੀ ਕਮਿਸ਼ਨਰ ਪੁਲਿਸ ਨੇ ਦੁਪਹਿਰ ਵੇਲੇ ਮੌਕੇ ’ਤੇ ਪਹੁੰਚ ਕੇ ਜਾਂਚ ਪੜ੍ਹਤਾਲ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੀੜ੍ਹਤ ਫੈਕਟਰੀ ਮਾਲਕ ਸੰਜੀਵ ਨੇ ਦੱਸਿਆ ਕਿ ਬੀਤੀ ਰਾਤ ਲੁੱਟ ਦੀ ਘਟਨਾ ਵਾਪਰੀ ਹੈ। ਅੱਠ ਤੋਂ ਦਸ ਬਦਮਾਸ਼ ਫੈਕਟਰੀ ਵਿਚ ਦਾਖਲ ਹੋਏ ਅਤੇ ਤਿੰਨ ਕਰਮਚਾਰੀਆਂ ਨੂੰ ਅਸਲੇ ਦੇ ਦਮ ’ਤੇ ਬੰਧਕ ਬਣਾ ਲਿਆ। ਇਸ ਤੋਂ ਬਾਅਦ ਅੱਠ ਟਨ ਤਾਂਬਾ ਲੁੱਟ ਲੈ ਗਏ। ਮੰਨਿਆ ਜਾ ਰਿਹਾ ਹੈ ਕਿ ਇੰਨੀ ਵੱਡੀ ਮਾਤਰਾ ‘ਚ ਤਾਂਬੇ ਦੀ ਢੋਆ-ਢੁਆਈ ਲਈ ਲੁਟੇਰਿਆਂ ਨੇ ਟਰੱਕ ਦੀ ਵਰਤੋਂ ਕੀਤੀ ਹੋਵੇਗੀ। ਕਰਮਚਾਰੀਆਂ ਨੇ ਮੈਨੂੰ ਸੂਚਿਤ ਕੀਤਾ ਤਾਂ ਮੈਂ ਇਸ ਘਟਨਾ ਦੀ ਸੂਚਨਾ ਚਿਨਹਟ ਪੁਲਿਸ ਨੂੰ ਦਿੱਤੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਡਿਪਟੀ ਕਮਿਸ਼ਨਰ ਆਸ਼ੀਸ਼ ਨੇ ਮੀਡੀਆ ਨੂੰ ਦੱਸਿਆ ਕਿ ਘਟਨਾ ਸਮੇਂ ਫੈਕਟਰੀ ਦੇ ਸੀਸੀਟੀਵੀ ਕੈਮਰੇ ਕੰਮ ਨਹੀਂ ਕਰ ਰਹੇ ਸਨ। ਘਟਨਾ ਵਾਲੀ ਥਾਂ ਫੈਕਟਰੀ ਦੇ ਆਲੇ-ਦੁਆਲੇ ਲੱਗੇ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਚਿਨਹਟ ਪੁਲਿਸ ਸਟੇਸ਼ਨ ਵਿੱਚ ਐੱਫਆਈਆਰ ਦਰਜ ਕੀਤੀ ਗਈ ਹੈ ਅਤੇ ਮਾਮਲੇ ਦਾ ਪਰਦਾਫਾਸ਼ ਕਰਨ ਲਈ ਕਈ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਵਾਰਦਾਤ ਨੂੰ ਅੰਜਾਮ ਦੇਣ ਵਾਲੇ ਅਪਰਾਧੀ ਅਨਸਰਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।
