ਸ਼ਿਮਲਾ, 28 ਜਨਵਰੀ (ਹਿ.ਸ.)। ਜ਼ਿਲ੍ਹੇ ਦੇ ਰਾਮਪੁਰ ਸਬ-ਡਿਵੀਜ਼ਨ ‘ਚ ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਐੱਚ.ਆਰ.ਟੀ.ਸੀ.) ਦੀ ਬੱਸ ‘ਚ ਇਕ ਔਰਤ ਨਾਲ ਜਬਰ-ਜਨਾਹ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਬੱਸ ਡਰਾਈਵਰ ‘ਤੇ ਵਿਆਹੁਤਾ ਔਰਤ ਨਾਲ ਜਬਰ-ਜਨਾਹ ਕਰਨ ਦਾ ਦੋਸ਼ ਲੱਗਾ ਹੈ। ਪੁਲਿਸ ਨੇ ਪੀੜ੍ਹਤਾ ਦੀ ਸ਼ਿਕਾਇਤ ‘ਤੇ ਬੱਸ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਕਰੀਬ ਦੋ ਮਹੀਨੇ ਪੁਰਾਣੀ ਹੈ।
ਪੀੜਤਾ ਵੱਲੋਂ ਦਿੱਤੀ ਸ਼ਿਕਾਇਤ ਅਨੁਸਾਰ ਉਸ ਦੀ ਮੁਲਾਕਾਤ ਮੁਲਜ਼ਮ ਡਰਾਈਵਰ ਨਾਲ ਰਾਮਪੁਰ ਬੱਸ ਸਟੈਂਡ ’ਤੇ ਹੋਈ। ਜਾਣ-ਪਛਾਣ ਦਾ ਫਾਇਦਾ ਉਠਾਉਂਦੇ ਹੋਏ ਡਰਾਈਵਰ ਨੇ ਔਰਤ ਨੂੰ ਮਿਲਣ ਲਈ ਬੱਸ ਦੇ ਅੰਦਰ ਬੁਲਾਇਆ ਅਤੇ ਫਿਰ ਉਸ ਨਾਲ ਜਬਰ-ਜਨਾਹ ਕੀਤਾ। ਇਸ ਘਟਨਾ ਤੋਂ ਬਾਅਦ ਪੀੜ੍ਹਤਾ ਬੁਰੀ ਤਰ੍ਹਾਂ ਡਰੀ ਹੋਈ ਸੀ ਅਤੇ ਹਿੰਮਤ ਜੁਟਾਉਂਦੇ ਹੋਏ ਸ਼ਨੀਵਾਰ ਨੂੰ ਰਾਮਪੁਰ ਥਾਣੇ ਪਹੁੰਚੀ ਅਤੇ ਮੁਲਜ਼ਮ ਖਿਲਾਫ ਸ਼ਿਕਾਇਤ ਦਿੱਤੀ। ਮੁਲਜ਼ਮ ਦੀ ਪਛਾਣ ਕੇਸ਼ਵ ਰਾਮ ਵਜੋਂ ਹੋਈ ਹੈ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਆਈਪੀਸੀ ਦੀ ਧਾਰਾ 376 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਹੈ ਅਤੇ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾ ਰਹੀ ਹੈ।
