ਨਵੀਂ ਦਿੱਲੀ, 29 ਸਤੰਬਰ (ਹਿ. ਸ.)। ਦੱਖਣ ਪੂਰਬੀ ਜ਼ਿਲ੍ਹੇ ਦੇ ਜੰਗਪੁਰਾ ਖੇਤਰ ਦੇ ਅਧੀਨ ਭੋਗਲ ਵਿੱਚ ਇੱਕ ਗਹਿਣਿਆਂ ਦੇ ਸ਼ੋਅਰੂਮ ਵਿੱਚੋਂ 25 ਕਰੋੜ ਰੁਪਏ ਦੇ ਗਹਿਣਿਆਂ ਦੀ ਚੋਰੀ ਦੇ ਮਾਮਲੇ ਵਿੱਚ ਛੱਤੀਸਗੜ੍ਹ ਪੁਲਿਸ ਨੇ ਲੋਕੇਸ਼ ਨਾਮ ਦੇ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਹੈ। ਸੂਤਰਾਂ ਅਨੁਸਾਰ ਮੁਲਜ਼ਮ ਕੋਲੋਂ ਚੋਰੀ ਦਾ ਸਾਮਾਨ ਵੀ ਬਰਾਮਦ ਕਰ ਲਿਆ ਗਿਆ ਹੈ। ਚੋਰੀ ਦੀ ਇਸ ਘਟਨਾ ਨੂੰ ਐਤਵਾਰ-ਸੋਮਵਾਰ ਦੀ ਰਾਤ ਨੂੰ ਅੰਜਾਮ ਦਿੱਤਾ ਗਿਆ ਸੀ।
ਭੋਗਲ ਇਲਾਕੇ ਦੀ ਜੰਗਪੁਰਾ ਮਾਰਕੀਟ ਵਿੱਚ ਉਮਰਾਓ ਸਿੰਘ ਜਵੈਲਰਜ਼ ਦਾ ਸ਼ੋਅਰੂਮ ਹੈ। ਮੰਗਲਵਾਰ ਸਵੇਰੇ ਜਦੋਂ ਸ਼ੋਅਰੂਮ ਮਾਲਕ ਸੰਜੀਵ ਜੈਨ ਦੁਕਾਨ ’ਤੇ ਪਹੁੰਚੇ ਤਾਂ ਉਥੇ ਧੂੜ ਭਰੀ ਹੋਈ ਸੀ। ਜਦੋਂ ਉਹ ਸਟਰਾਂਗਰੂਮ ’ਤੇ ਪਹੁੰਚੇ ਤਾਂ ਉੱਥੇ ਦਾ ਨਜ਼ਾਰਾ ਦੇਖ ਕੇ ਉਹ ਹੈਰਾਨ ਰਹਿ ਗਏ ਕਿਉਂਕਿ ਸਟਰਾਂਗਰੂਮ ’ਚੋਂ ਸਾਰਾ ਸਾਮਾਨ ਗਾਇਬ ਸੀ।
ਬਿਲਾਸਪੁਰ (ਛੱਤੀਸਗੜ੍ਹ) ਜ਼ਿਲ੍ਹੇ ਦੇ ਏ.ਸੀ.ਸੀ.ਯੂ ਅਤੇ ਸਿਵਲ ਲਾਈਨ ਥਾਣੇ ਦੀ ਟੀਮ ਵੱਲੋਂ ਫੜਿਆ ਗਿਆ ਲੋਕੇਸ਼ ਪਹਿਲਾਂ ਵੀ ਚੋਰੀ ਦੀਆਂ ਸੱਤ ਵਾਰਦਾਤਾਂ ਕਰ ਚੁੱਕਾ ਹੈ। ਉਸ ਨੂੰ ਦੁਰਗ ਦੇ ਸਮ੍ਰਿਤੀਨਗਰ ਥਾਣਾ ਖੇਤਰ ਤੋਂ ਹਿਰਾਸਤ ਵਿਚ ਲਿਆ ਗਿਆ। ਲੋਕੇਸ਼ ਕੋਲੋਂ ਬਿਲਾਸਪੁਰ ’ਚ ਵੱਖ-ਵੱਖ ਥਾਵਾਂ ਤੋਂ ਚੋਰੀ ਹੋਏ 12.50 ਲੱਖ ਰੁਪਏ ਬਰਾਮਦ ਕੀਤੇ ਗਏ ਹਨ। ਕੁਝ ਦਿਨ ਪਹਿਲਾਂ ਦਿੱਲੀ ਦੇ ਜੰਗਪੁਰਾ ’ਚ 25 ਕਰੋੜ ਰੁਪਏ ਦੀ ਚੋਰੀ ਦੇ ਮਾਮਲੇ ਵਿੱਚ ਲੋਕੇਸ਼ ਕੋਲੋਂ 18.5 ਕਿਲੋ ਸੋਨਾ ਅਤੇ ਹੀਰੇ ਦੇ ਗਹਿਣੇ ਵੀ ਮਿਲੇ।
ਬਿਲਾਸਪੁਰ ਜ਼ਿਲਾ ਪੁਲਿਸ ਨੇ ਦਿੱਲੀ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਦਿੱਲੀ ਪੁਲਿਸ ਦੀ ਇੱਕ ਟੀਮ ਬਿਲਾਸਪੁਰ ਲਈ ਰਵਾਨਾ ਹੋ ਗਈ। ਬੀਤੇ ਵੀਰਵਾਰ ਨੂੰ ਹੀ ਬਿਲਾਸਪੁਰ ਪੁਲਿਸ ਨੇ ਲੋਕੇਸ਼ ਦੇ ਦੂਜੇ ਸਾਥੀ ਸ਼ਿਵ ਚੰਦਰਵੰਸ਼ੀ ਨੂੰ ਕਵਰਧਾ ਤੋਂ ਗਹਿਣਿਆਂ ਸਮੇਤ 23 ਲੱਖ ਰੁਪਏ ਦੇ ਸਾਮਾਨ ਸਮੇਤ ਗ੍ਰਿਫਤਾਰ ਕੀਤਾ ਸੀ। ਇਸ ਦੌਰਾਨ ਲੋਕੇਸ਼ ਖਿੜਕੀ ਤੋਂ ਛਾਲ ਮਾਰ ਕੇ ਭੱਜ ਗਿਆ ਸੀ। ਦੇਰ ਰਾਤ ਪੁਲਿਸ ਨੇ ਉਸਨੂੰ ਵੀ ਕਾਬੂ ਕਰ ਲਿਆ। ਹਾਲਾਂਕਿ ਤੀਸਰਾ ਦੋਸ਼ੀ ਕੌਣ ਗ੍ਰਿਫਤਾਰ ਕੀਤਾ ਗਿਆ ਹੈ, ਇਸ ਬਾਰੇ ਅਜੇ ਜਾਣਕਾਰੀ ਨਹੀਂ ਮਿਲ ਸਕੀ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
