ਨਵੀਂ ਦਿੱਲੀ, 01 ਨਵੰਬਰ (ਹਿ. ਸ.)। ਦੀਵਾਲੀ ਤੋਂ ਪਹਿਲਾਂ ਤੇਲ ਅਤੇ ਗੈਸ ਮਾਰਕੀਟਿੰਗ ਕੰਪਨੀਆਂ ਨੇ 19 ਕਿਲੋ ਕਮਰਸ਼ੀਅਲ ਐੱਲਪੀਜੀ ਗੈਸ ਦੀ ਕੀਮਤ 101.50 ਰੁਪਏ ਪ੍ਰਤੀ ਸਿਲੰਡਰ ਵਧਾ ਦਿੱਤੀ ਹੈ। ਹਾਲਾਂਕਿ ਘਰੇਲੂ ਰਸੋਈ ਗੈਸ ਦੀ ਕੀਮਤ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਨਵੀਂ ਦਰ ਬੁੱਧਵਾਰ ਤੋਂ ਲਾਗੂ ਹੋ ਗਈ ਹੈ।
ਇੰਡੀਅਨ ਆਇਲ ਦੀ ਵੈੱਬਸਾਈਟ ਮੁਤਾਬਕ ਇਸ ਵਾਧੇ ਤੋਂ ਬਾਅਦ ਰਾਜਧਾਨੀ ਦਿੱਲੀ ‘ਚ 19 ਕਿਲੋ ਦੇ ਵਪਾਰਕ ਗੈਸ ਸਿਲੰਡਰ ਦੀ ਕੀਮਤ 1,731 ਰੁਪਏ ਤੋਂ ਵਧ ਕੇ 1,833 ਰੁਪਏ ਹੋ ਗਈ ਹੈ। ਮੁੰਬਈ ‘ਚ ਇਸ ਦੀ ਕੀਮਤ 1,684 ਰੁਪਏ ਤੋਂ ਵਧ ਕੇ 1,785.50 ਰੁਪਏ ਪ੍ਰਤੀ ਸਿਲੰਡਰ ਹੋ ਗਈ ਹੈ। ਕੋਲਕਾਤਾ ਵਿੱਚ ਇਹ 1,839.50 ਰੁਪਏ ਦੀ ਬਜਾਏ 1,943 ਰੁਪਏ ਵਿੱਚ ਅਤੇ ਚੇਨਈ ਵਿੱਚ ਇਹ 1,898 ਰੁਪਏ ਦੀ ਬਜਾਏ 1,999.50 ਰੁਪਏ ਵਿੱਚ ਉਪਲਬਧ ਹੋਵੇਗਾ।
ਜ਼ਿਕਰਯੋਗ ਹੈ ਕਿ ਪਿਛਲੇ ਇੱਕ ਮਹੀਨੇ ਦੇ ਅੰਦਰ ਹੀ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਵਿੱਚ 300 ਰੁਪਏ ਤੋਂ ਵੱਧ ਦਾ ਵਾਧਾ ਕੀਤਾ ਗਿਆ ਹੈ। 1 ਅਕਤੂਬਰ ਨੂੰ ਕਮਰਸ਼ੀਅਲ ਸਿਲੰਡਰ ਦੀ ਕੀਮਤ ‘ਚ 209 ਰੁਪਏ ਦਾ ਵਾਧਾ ਕੀਤਾ ਗਿਆ ਸੀ। ਹੁਣ ਠੀਕ ਇੱਕ ਮਹੀਨੇ ਬਾਅਦ 1 ਨਵੰਬਰ ਨੂੰ ਇਸ ਵਿੱਚ ਮੁੜ 102 ਰੁਪਏ ਦਾ ਵਾਧਾ ਕੀਤਾ ਗਿਆ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
