ਨਵੀਂ ਦਿੱਲੀ, 15 ਜਨਵਰੀ (ਹਿ.ਸ.)। ਪ੍ਰਚੂਨ ਤੋਂ ਬਾਅਦ ਹੁਣ ਅਜਿਹੀ ਖ਼ਬਰ ਹੈ ਜੋ ਥੋਕ ਮਹਿੰਗਾਈ ਦੇ ਮੋਰਚੇ ‘ਤੇ ਵੀ ਆਮ ਆਦਮੀ ਨੂੰ ਝਟਕਾ ਦੇਵੇਗੀ। ਦਸੰਬਰ ‘ਚ ਥੋਕ ਮਹਿੰਗਾਈ ਦਰ 0.73 ਫੀਸਦੀ ਦੇ ਨੌਂ ਮਹੀਨਿਆਂ ਦੇ ਉੱਚ ਪੱਧਰ ‘ਤੇ ਪਹੁੰਚ ਗਈ। ਇਸ ਤੋਂ ਪਹਿਲਾਂ ਨਵੰਬਰ ਮਹੀਨੇ ‘ਚ ਇਹ 0.26 ਫੀਸਦੀ ਸੀ।
ਵਣਜ ਅਤੇ ਉਦਯੋਗ ਮੰਤਰਾਲੇ ਨੇ ਸੋਮਵਾਰ ਨੂੰ ਜਾਰੀ ਅੰਕੜਿਆਂ ‘ਚ ਕਿਹਾ ਕਿ ਦਸੰਬਰ ‘ਚ ਥੋਕ ਮੁੱਲ ਸੂਚਕ ਅੰਕ (ਡਬਲਯੂ. ਪੀ. ਆਈ.) ‘ਤੇ ਆਧਾਰਿਤ ਮਹਿੰਗਾਈ ਦਰ ਵਧ ਕੇ 0.73 ਫੀਸਦੀ ਹੋ ਗਈ ਹੈ। ਇਸ ਤੋਂ ਪਹਿਲਾਂ ਅਪ੍ਰੈਲ ਤੋਂ ਅਕਤੂਬਰ ਤੱਕ ਥੋਕ ਮਹਿੰਗਾਈ ਦਰ ਲਗਾਤਾਰ ਜ਼ੀਰੋ ਤੋਂ ਹੇਠਾਂ ਰਹੀ ਸੀ ਜਦਕਿ ਨਵੰਬਰ ਮਹੀਨੇ ‘ਚ ਇਹ 0.26 ਫੀਸਦੀ ‘ਤੇ ਪਹੁੰਚ ਗਈ ਸੀ। ਮੰਤਰਾਲੇ ਮੁਤਾਬਕ ਥੋਕ ਮਹਿੰਗਾਈ ਦਰ ‘ਚ ਇਹ ਉਛਾਲ ਖਾਣ-ਪੀਣ ਦੀਆਂ ਵਸਤੂਆਂ ਖਾਸ ਕਰਕੇ ਸਬਜ਼ੀਆਂ ਅਤੇ ਦਾਲਾਂ ਦੀਆਂ ਕੀਮਤਾਂ ‘ਚ ਵਾਧੇ ਕਾਰਨ ਆਇਆ ਹੈ।
ਅੰਕੜਿਆਂ ਮੁਤਾਬਕ ਡਬਲਯੂਪੀਆਈ ‘ਤੇ ਆਧਾਰਿਤ ਖੁਰਾਕੀ ਵਸਤਾਂ ਦੀ ਮਹਿੰਗਾਈ ਦਸੰਬਰ ‘ਚ ਵਧ ਕੇ 9.38 ਫੀਸਦੀ ਹੋ ਗਈ, ਜੋ ਨਵੰਬਰ ਮਹੀਨੇ ‘ਚ 8.18 ਫੀਸਦੀ ਸੀ। ਇਸੇ ਤਰ੍ਹਾਂ ਦਸੰਬਰ ‘ਚ ਸਬਜ਼ੀਆਂ ਦੀ ਮਹਿੰਗਾਈ ਦਰ 26.30 ਫੀਸਦੀ ਰਹੀ, ਜਦਕਿ ਦਾਲਾਂ ਦੀ ਮਹਿੰਗਾਈ ਦਰ 19.60 ਫੀਸਦੀ ਰਹੀ। ਮੰਤਰਾਲਾ ਮੁਤਾਬਕ ਖੁਰਾਕੀ ਵਸਤਾਂ ਤੋਂ ਇਲਾਵਾ ਮਸ਼ੀਨਰੀ ਉਪਕਰਨ, ਨਿਰਮਾਣ, ਟਰਾਂਸਪੋਰਟ ਅਤੇ ਕੰਪਿਊਟਰ, ਇਲੈਕਟ੍ਰਾਨਿਕ ਅਤੇ ਆਪਟੀਕਲ ਉਤਪਾਦਾਂ ਆਦਿ ਦੀਆਂ ਕੀਮਤਾਂ ‘ਚ ਵਾਧਾ ਦਸੰਬਰ ‘ਚ ਥੋਕ ਮਹਿੰਗਾਈ ਵਧਣ ਦਾ ਕਾਰਨ ਰਿਹਾ ਹੈ।
ਜ਼ਿਕਰਯੋਗ ਹੈ ਕਿ ਐਨਐਸਓ ਦੁਆਰਾ ਪਿਛਲੇ ਹਫ਼ਤੇ ਜਾਰੀ ਕੀਤੇ ਗਏ ਅੰਕੜਿਆਂ ਦੇ ਅਨੁਸਾਰ, ਖਪਤਕਾਰ ਮੁੱਲ ਸੂਚਕ ਅੰਕ (ਸੀਪੀਆਈ) ‘ਤੇ ਅਧਾਰਤ ਪ੍ਰਚੂਨ ਮਹਿੰਗਾਈ ਦਸੰਬਰ ਵਿੱਚ 5.69 ਫੀਸਦੀ ਦੇ ਚਾਰ ਮਹੀਨਿਆਂ ਦੇ ਉੱਚੇ ਪੱਧਰ ‘ਤੇ ਪਹੁੰਚ ਗਈ। ਹਾਲਾਂਕਿ, ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਦਸੰਬਰ ਦੀ ਮੁਦਰਾ ਨੀਤੀ ਸਮੀਖਿਆ (ਐੱਮ. ਪੀ. ਸੀ.) ਬੈਠਕ ‘ਚ ਮਹਿੰਗਾਈ ਦਾ ਟੀਚਾ 5.4 ਫੀਸਦੀ ‘ਤੇ ਬਰਕਰਾਰ ਰੱਖਿਆ ਸੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
