ਨਵੀਂ ਦਿੱਲੀ, 04 ਜਨਵਰੀ (ਹਿ.ਸ.)। ਸਸਤੀਆਂ ਹਵਾਬਾਜ਼ੀ ਸੇਵਾਵਾਂ ਪ੍ਰਦਾਨ ਕਰਨ ਵਾਲੀ ਕੰਪਨੀ ਇੰਡੀਗੋ ਨੇ ਏਵੀਏਸ਼ਨ ਟਰਬਾਈਨ ਫਿਊਲ (ਏ.ਟੀ.ਐੱਫ.) ਦੀ ਕੀਮਤ ‘ਚ ਕਟੌਤੀ ਤੋਂ ਬਾਅਦ ਈਂਧਨ ਡਿਊਟੀ ਲਗਾਉਣਾ ਬੰਦ ਕਰਨ ਦਾ ਐਲਾਨ ਕੀਤਾ ਹੈ। ਏਅਰਲਾਈਨ ਦੇ ਇਸ ਕਦਮ ਨਾਲ ਟਿਕਟਾਂ ਦੀਆਂ ਕੀਮਤਾਂ ਘੱਟ ਹੋਣ ਅਤੇ ਹਵਾਈ ਯਾਤਰਾ ਸਸਤੀ ਹੋਣ ਦੀਆਂ ਉਮੀਦਾਂ ਵਧ ਗਈਆਂ ਹਨ।
ਕੰਪਨੀ ਨੇ ਵੀਰਵਾਰ ਨੂੰ ਜਾਰੀ ਬਿਆਨ ‘ਚ ਕਿਹਾ ਕਿ ਇੰਡੀਗੋ ਨੇ 4 ਜਨਵਰੀ 2024 ਤੋਂ ਟਿਕਟਾਂ ‘ਤੇ ਫਿਊਲ ਚਾਰਜ ਲੈਣਾ ਬੰਦ ਕਰ ਦਿੱਤਾ ਹੈ। ਏਅਰਲਾਈਨ ਮੁਤਾਬਕ ਏਟੀਐੱਫ ਦੀ ਕੀਮਤ ‘ਚ ਹਾਲ ਹੀ ‘ਚ ਕੀਤੀ ਗਈ ਕਟੌਤੀ ਕਾਰਨ ਈਂਧਨ ਡਿਊਟੀ ਵਾਪਸ ਲੈ ਲਈ ਗਈ ਹੈ। ਟਿਕਟ ‘ਤੇ ਇਹ ਫਿਊਲ ਚਾਰਜ ਏਅਰਲਾਈਨ ਦੀਆਂ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ‘ਤੇ ਲਾਗੂ ਸੀ।
ਇੰਡੀਗੋ ਨੇ ਕਿਹਾ ਹੈ ਕਿ ਏਟੀਐੱਫ ਦੀ ਕੀਮਤ ‘ਚ ਉਤਰਾਅ-ਚੜ੍ਹਾਅ ਜਾਰੀ ਰਹਿੰਦਰ ਹੈ। ਇਸ ਲਈ ਅਸੀਂ ਕੀਮਤਾਂ ਜਾਂ ਬਾਜ਼ਾਰ ਦੀਆਂ ਸਥਿਤੀਆਂ ਵਿੱਚ ਕਿਸੇ ਵੀ ਤਬਦੀਲੀ ਨਾਲ ਨਜਿੱਠਣ ਲਈ ਆਪਣੇ ਕਿਰਾਏ ਅਤੇ ਉਸਦੇ ਭਾਗਾਂ ਨੂੰ ਅਨੁਕੂਲ ਕਰਨਾ ਜਾਰੀ ਰੱਖਾਂਗੇ। ਜ਼ਿਕਰਯੋਗ ਹੈ ਕਿ ਏਅਰਲਾਈਨ ਨੇ ਅਕਤੂਬਰ 2023 ਦੀ ਸ਼ੁਰੂਆਤ ਵਿੱਚ ਏਟੀਐੱਫ ਦੀ ਕੀਮਤ ਵਿੱਚ ਵਾਧੇ ਤੋਂ ਬਾਅਦ ਈਂਧਨ ਡਿਊਟੀ ਵਸੂਲਣੀ ਸ਼ੁਰੂ ਕਰ ਦਿੱਤੀ ਸੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
