ਨਵੀਂ ਦਿੱਲੀ, 16 ਮਾਰਚ । ਬ੍ਰਿਟੇਨ ਅਤੇ ਭਾਰਤ ਵਿਚਾਲੇ ਮੁਕਤ ਵਪਾਰ ਸਮਝੌਤੇ (ਐੱਫ.ਟੀ.ਏ.) ਸੰਬੰਧੀ ਗੱਲਬਾਤ ਦਾ 14ਵਾਂ ਦੌਰ ਬਿਨਾਂ ਕਿਸੇ ਸਮਝੌਤੇ ਦੇ ਖਤਮ ਹੋ ਗਿਆ। ਗੱਲਬਾਤ ਦੇ ਇਸ ਦੌਰ ਵਿੱਚ ਕੋਈ ਸਿੱਟਾ ਨਹੀਂ ਨਿਕਲਿਆ ਹੈ। ਹਾਲਾਂਕਿ ਇਸ ਦੌਰਾਨ ਬ੍ਰਿਟੇਨ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਭਾਰਤ ‘ਚ ਹੋਣ ਵਾਲੀਆਂ ਚੋਣਾਂ ਤੋਂ ਬਾਅਦ ਐੱਫਟੀਏ ‘ਤੇ ਸਮਝੌਤਾ ਸੰਭਵ ਹੋ ਸਕੇਗਾ।
ਮੁਕਤ ਵਪਾਰ ਸਮਝੌਤੇ ‘ਤੇ ਦੋਵਾਂ ਦੇਸ਼ਾਂ ਵਿਚਾਲੇ ਇਕ ਦਿਨ ਪਹਿਲਾਂ ਹੋਈ 14ਵੇਂ ਦੌਰ ਦੀ ਗੱਲਬਾਤ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨਾਲ ਗੱਲਬਾਤ ਕੀਤੀ ਸੀ। ਗੱਲਬਾਤ ਵਿੱਚ, ਦੋਵੇਂ ਨੇਤਾ ਇੱਕ ‘ਇਤਿਹਾਸਕ ਅਤੇ ਵਿਆਪਕ ਸਮਝੌਤੇ’ ‘ਤੇ ਪਹੁੰਚਣ ਦੇ ਮਹੱਤਵ ‘ਤੇ ਸਹਿਮਤ ਹੋਏ ਜਿਸ ਨਾਲ ਦੋਵਾਂ ਦੇਸ਼ਾਂ ਨੂੰ ਫਾਇਦਾ ਹੋਵੇਗਾ। ਪਿਛਲੇ ਹਫਤੇ ਹੀ ਭਾਰਤ ਨੇ ਯੂਰਪੀ ਦੇਸ਼ਾਂ ਦੇ ਸਮੂਹ ਨਾਲ ਮੁਕਤ ਵਪਾਰ ਸਮਝੌਤਾ ਕੀਤਾ ਸੀ।
ਦਰਅਸਲ, ਭਾਰਤ ਅਤੇ ਬ੍ਰਿਟੇਨ ਵਿਚਕਾਰ ਮੁਕਤ ਵਪਾਰ ਸਮਝੌਤੇ (ਐੱਫ.ਟੀ.ਏ.) ‘ਤੇ ਗੱਲਬਾਤ ਜਨਵਰੀ 2022 ਵਿੱਚ ਸ਼ੁਰੂ ਹੋਈ ਸੀ। ਦੋਵਾਂ ਦੇਸ਼ਾਂ ਵਿਚਾਲੇ ਹੁਣ ਤੱਕ 14 ਦੌਰ ਦੀ ਗੱਲਬਾਤ ਹੋ ਚੁੱਕੀ ਹੈ। ਭਾਰਤ ਅਤੇ ਬ੍ਰਿਟੇਨ ਵਿਚਕਾਰ ਹੋਣ ਵਾਲੇ ਇਸ ਸਮਝੌਤੇ ਦੇ 26 ਅਧਿਆਏ ਹਨ, ਜਿਨ੍ਹਾਂ ਵਿੱਚ ਮੁੱਖ ਤੌਰ ‘ਤੇ ਵਸਤੂਆਂ, ਸੇਵਾਵਾਂ, ਨਿਵੇਸ਼ ਅਤੇ ਬੌਧਿਕ ਸੰਪਤੀ ਅਧਿਕਾਰ ਸ਼ਾਮਲ ਹਨ।
ਵਰਨਣਯੋਗ ਹੈ ਕਿ ਭਾਰਤ ਅਤੇ ਬ੍ਰਿਟੇਨ ਵਿਚਾਲੇ ਇਸ ਸਮੇਂ ਸਾਲਾਨਾ ਵਪਾਰ ਲਗਭਗ 38.1 ਅਰਬ ਪੌਂਡ ਦੇ ਨੇੜੇ ਹੈ। ਇਸ ਦੇ ਨਾਲ ਹੀ, ਹਾਲ ਹੀ ਵਿੱਚ ਭਾਰਤ ਨੇ ਯੂਰਪੀਅਨ ਫ੍ਰੀ ਟ੍ਰੇਡ ਐਸੋਸੀਏਸ਼ਨ (ਈਐਫਟੀਏ) ਦੇ ਨਾਲ ਮੁਕਤ ਵਪਾਰ ਸਮਝੌਤਾ (ਐਫਟੀਏ) ‘ਤੇ ਹਸਤਾਖਰ ਕੀਤੇ ਹਨ, ਜਿਸ ਵਿੱਚ ਨਾਰਵੇ, ਆਈਸਲੈਂਡ, ਸਵਿਟਜ਼ਰਲੈਂਡ ਅਤੇ ਲੀਚਟਨਸਟਾਈਨ ਸ਼ਾਮਲ ਹਨ। ਇਸ ਸਮਝੌਤੇ ਵਿੱਚ ਟੈਰਿਫ ਨੂੰ ਘਟਾਉਣ ਦੀ ਵਚਨਬੱਧਤਾ ਪ੍ਰਗਟਾਈ ਗਈ ਹੈ, ਜਿਸ ਨਾਲ ਭਾਰਤ ਨੂੰ ਅਗਲੇ 15 ਸਾਲਾਂ ਵਿੱਚ 100 ਅਰਬ ਡਾਲਰ ਦਾ ਨਿਵੇਸ਼ ਪ੍ਰਾਪਤ ਹੋਵੇਗਾ।
