ਨਵੀਂ ਦਿੱਲੀ, 05 ਦਸੰਬਰ (ਹਿ. ਸ.)। ਗਲੋਬਲ ਰੇਟਿੰਗ ਏਜੰਸੀ ਐੱਸਐਂਡਪੀ ਗਲੋਬਲ ਰੇਟਿੰਗਸ ਨੇ ਕਿਹਾ ਕਿ ਭਾਰਤ ਸਾਲ 2030 ਤੱਕ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ। ਰੇਟਿੰਗ ਏਜੰਸੀ ਨੇ ਵਿੱਤੀ ਸਾਲ 2026-27 ‘ਚ ਦੇਸ਼ ਦੀ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਵਿਕਾਸ ਦਰ ਦੇ 7 ਫੀਸਦੀ ਤੱਕ ਪਹੁੰਚਣ ਦਾ ਅਨੁਮਾਨ ਵੀ ਲਗਾਇਆ ਹੈ।
ਐੱਸਐਂਡਪੀ ਗਲੋਬਲ ਰੇਟਿੰਗਜ਼ ਨੇ ਮੰਗਲਵਾਰ ਨੂੰ ਜਾਰੀ ਆਪਣੇ ਤਾਜ਼ਾ ਅਨੁਮਾਨ ‘ਚ ਕਿਹਾ ਕਿ ਭਾਰਤੀ ਅਰਥਵਿਵਸਥਾ ਦੀ ਵਿਕਾਸ ਦਰ ਅਗਲੇ ਵਿੱਤੀ ਸਾਲ 2024-25 ‘ਚ 6.9 ਫੀਸਦੀ ‘ਤੇ ਪਹੁੰਚਣ ਤੋਂ ਪਹਿਲਾਂ ਮੌਜੂਦਾ ਵਿੱਤੀ ਸਾਲ 2023-24 ‘ਚ 6.4 ਫੀਸਦੀ ਬਣੀ ਰਹੇਗੀ। ਏਜੰਸੀ ਨੇ ਕਿਹਾ ਕਿ ਵਿੱਤੀ ਸਾਲ 2026-27 ‘ਚ ਇਹ ਸੱਤ ਫੀਸਦੀ ਤੱਕ ਪਹੁੰਚ ਜਾਵੇਗੀ।
ਇਸ ਤੋਂ ਪਹਿਲਾਂ ਐੱਸਐਂਡਪੀ ਨੇ ਆਪਣੇ ‘ਗਲੋਬਲ ਕ੍ਰੈਡਿਟ ਆਉਟਲੁੱਕ 2024’ ਵਿੱਚ 31 ਮਾਰਚ, 2024 ਨੂੰ ਖਤਮ ਹੋਣ ਵਾਲੇ ਚਾਲੂ ਵਿੱਤੀ ਸਾਲ 2023-24 ਵਿੱਚ ਜੀਡੀਪੀ ਵਿਕਾਸ ਦਰ 6.4 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਸੀ, ਜਦੋਂ ਕਿ ਪਿਛਲੇ ਵਿੱਤੀ ਸਾਲ 2022-23 ਵਿੱਚ ਇਹ 7.2 ਫੀਸਦੀ ਰਹੀ ਸੀ।
ਰੇਟਿੰਗ ਏਜੰਸੀ ਨੇ ਕਿਹਾ ਕਿ ਅਸੀਂ ਵਿੱਤੀ ਸਾਲ 2026-27 ‘ਚ ਭਾਰਤ ਦੀ ਆਰਥਿਕ ਵਿਕਾਸ ਦਰ ਨੂੰ ਸੱਤ ਫੀਸਦੀ ਤੱਕ ਪਹੁੰਚਦੇ ਦੇਖ ਰਹੇ ਹਾਂ। ਐੱਸਐਂਡਪੀ ਨੇ ਕਿਹਾ ਕਿ ਭਾਰਤ 2030 ਤੱਕ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਲਈ ਤਿਆਰ ਹੈ। ਏਜੰਸੀ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਇਹ ਅਗਲੇ ਤਿੰਨ ਸਾਲਾਂ ‘ਚ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਅਰਥਵਿਵਸਥਾ ਹੋਵੇਗੀ।
ਜ਼ਿਕਰਯੋਗ ਹੈ ਕਿ ਭਾਰਤ ਇਸ ਸਮੇਂ ਅਮਰੀਕਾ, ਚੀਨ, ਜਰਮਨੀ ਅਤੇ ਜਾਪਾਨ ਤੋਂ ਬਾਅਦ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
