ਨਵੀਂ ਦਿੱਲੀ, 05 ਜਨਵਰੀ (ਹਿ.ਸ.)। ਅਡਾਨੀ ਗਰੁੱਪ ਦੇ ਚੇਅਰਮੈਨ ਉਦਯੋਗਪਤੀ ਗੌਤਮ ਅਡਾਨੀ ਰਿਲਾਇੰਸ ਇੰਡਸਟਰੀਜ਼ ਲਿਮਟਿਡ (ਆਰਆਈਐੱਲ) ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੂੰ ਪਛਾੜ ਕੇ ਇੱਕ ਵਾਰ ਫਿਰ ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਵਿਸ਼ਵ ਰੈਂਕਿੰਗ ‘ਚ ਗੌਤਮ ਅਡਾਨੀ 12ਵੇਂ ਸਥਾਨ ‘ਤੇ ਹਨ, ਜਦਕਿ ਮੁਕੇਸ਼ ਅੰਬਾਨੀ ਇਕ ਸਥਾਨ ਹੇਠਾਂ 13ਵੇਂ ਸਥਾਨ ‘ਤੇ ਹਨ। ਆਪਣੀ ਕੁੱਲ ਜਾਇਦਾਦ ਵਿੱਚ ਹਾਲ ਹੀ ਵਿੱਚ ਹੋਏ ਵਾਧੇ ਦੇ ਨਾਲ, ਅਡਾਨੀ ਸਮੂਹ ਦੇ ਮੁਖੀ ਏਸ਼ੀਆ ਦੇ ਵੀ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ।
ਸ਼ੁੱਕਰਵਾਰ ਨੂੰ ਜਾਰੀ ਬਲੂਮਬਰਗ ਬਿਲੀਅਨੇਅਰਜ਼ ਇੰਡੈਕਸ ਦੀ ਰਿਪੋਰਟ ਦੇ ਅਨੁਸਾਰ, ਗੌਤਮ ਅਡਾਨੀ 97.6 ਅਰਬ ਡਾਲਰ ਦੀ ਕੁੱਲ ਜਾਇਦਾਦ ਦੇ ਨਾਲ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀਆਂ ਦੀ ਸੂਚੀ ਵਿੱਚ 12ਵੇਂ ਸਥਾਨ ‘ਤੇ ਹਨ, ਜਦਕਿ ਮੁਕੇਸ਼ ਅੰਬਾਨੀ 97 ਅਰਬ ਡਾਲਰ ਦੀ ਸੰਪਤੀ ਨਾਲ 13ਵੇਂ ਸਥਾਨ ‘ਤੇ ਖਿਸਕ ਗਏ ਹਨ। ਗੌਤਮ ਅਡਾਨੀ ਅਤੇ ਮੁਕੇਸ਼ ਅੰਬਾਨੀ ਦੋਵਾਂ ਦੀ ਰੈਂਕਿੰਗ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਸੁਧਾਰ ਹੋਇਆ ਹੈ।
ਇੰਡੈਕਸ ਦੀ ਰਿਪੋਰਟ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਗੌਤਮ ਅਡਾਨੀ ਦੀ ਸੰਪਤੀ ‘ਚ 7.7 ਅਰਬ ਡਾਲਰ ਦਾ ਵਾਧਾ ਹੋਇਆ ਹੈ, ਜੋ ਕਿ ਵਧ ਕੇ 97.6 ਅਰਬ ਡਾਲਰ ਹੋ ਗਈ ਹੈ। ਇਸ ਦੇ ਨਾਲ ਹੀ ਮੁਕੇਸ਼ ਅੰਬਾਨੀ ਦੀ ਸੰਪਤੀ 97 ਅਰਬ ਡਾਲਰ ਹੈ। ਹਾਲਾਂਕਿ, ਪਿਛਲੇ 24 ਘੰਟਿਆਂ ਵਿੱਚ ਉਨ੍ਹਾਂ ਦੀ ਜਾਇਦਾਦ ਵਿੱਚ 665 ਮਿਲੀਅਨ ਡਾਲਰ ਦਾ ਵਾਧਾ ਹੋਇਆ ਹੈ।
ਦਰਅਸਲ, 3 ਜਨਵਰੀ ਨੂੰ ਅਡਾਨੀ-ਹਿੰਡਨਬਰਗ ਮਾਮਲੇ ‘ਚ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ, ਗੌਤਮ ਅਡਾਨੀ ਦੀ ਜਾਇਦਾਦ ‘ਚ ਤੇਜ਼ੀ ਨਾਲ ਉਸ ਦੀਆਂ ਕੰਪਨੀਆਂ ਦੇ ਸ਼ੇਅਰਾਂ ਦੀਆਂ ਕੀਮਤਾਂ ‘ਚ ਵਾਧਾ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਬਲੂਮਬਰਗ ਬਿਲੀਨੇਅਰਜ਼ ਇੰਡੈਕਸ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਰੋਜ਼ਾਨਾ ਦਰਜਾਬੰਦੀ ਹੈ। ਇਸ ਨੂੰ ਮਾਰਚ 2012 ਵਿੱਚ ਲਾਂਚ ਕੀਤਾ ਗਿਆ ਸੀ। ਇਸ ਵਿੱਚ ਦੁਨੀਆ ਦੇ 500 ਸਭ ਤੋਂ ਅਮੀਰ ਲੋਕਾਂ ਦੀ ਉਨ੍ਹਾਂ ਦੀ ਦੌਲਤ ਦੇ ਆਧਾਰ ‘ਤੇ ਰੋਜ਼ਾਨਾ ਦਰਜਾਬੰਦੀ ਹੁੰਦੀ ਹੈ। ਇਸ ਵਿੱਚ ਹਰੇਕ ਅਰਬਪਤੀ ਦੇ ਪ੍ਰੋਫਾਈਲ ਸ਼ਾਮਲ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
