ਨਵੀਂ ਦਿੱਲੀ, 24 ਜਨਵਰੀ (ਹਿ.ਸ.)। ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (ਡੀਜੀਸੀਏ) ਨੇ ਏਅਰ ਇੰਡੀਆ ‘ਤੇ 1.10 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ। ਡੀਜੀਸੀਏ ਨੇ ਟਾਟਾ ਦੀ ਅਗਵਾਈ ਵਾਲੀ ਏਅਰਲਾਈਨ ਕੰਪਨੀ ਏਅਰ ਇੰਡੀਆ ‘ਤੇ ਇਹ ਜੁਰਮਾਨਾ ਸੁਰੱਖਿਆ ਨਿਯਮਾਂ ਦੀ ਉਲੰਘਣਾ ਲਈ ਲਗਾਇਆ ਹੈ।
ਡੀਜੀਸੀਏ ਨੇ ਬੁੱਧਵਾਰ ਨੂੰ ਜਾਰੀ ਬਿਆਨ ‘ਚ ਕਿਹਾ ਕਿ ਏਅਰ ਇੰਡੀਆ ਏਅਰਲਾਈਨ ‘ਤੇ 1.10 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਹਵਾਬਾਜ਼ੀ ਰੈਗੂਲੇਟਰ ਦੇ ਅਨੁਸਾਰ ਇੱਕ ਏਅਰਲਾਈਨ ਕਰਮਚਾਰੀ ਤੋਂ ਇੱਕ ਸਵੈ-ਇੱਛਤ ਸੁਰੱਖਿਆ ਰਿਪੋਰਟ ਮਿਲੀ ਸੀ। ਇਸ ਰਿਪੋਰਟ ‘ਚ ਏਅਰ ਇੰਡੀਆ ਏਅਰਲਾਈਨ ‘ਤੇ ਲੰਬੀ ਦੂਰੀ ਦੇ ਕੁਝ ਮਹੱਤਵਪੂਰਨ ਮਾਰਗਾਂ ’ਤੇ ਉਡਾਣਾਂ ‘ਚ ਸੁਰੱਖਿਆ ਉਲੰਘਣਾ ਦਾ ਦੋਸ਼ ਲਗਾਇਆ ਗਿਆ ਸੀ। ਇਸ ਤੋਂ ਬਾਅਦ ਡੀਜੀਸੀਏ ਨੇ ਕਥਿਤ ਸੁਰੱਖਿਆ ਉਲੰਘਣਾਵਾਂ ਦੀ ਜਾਂਚ ਕੀਤੀ। ਹਾਲਾਂਕਿ, ਡੀਜੀਸੀਏ ਨੇ ਘਟਨਾ ਦਾ ਵੇਰਵਾ ਨਹੀਂ ਦਿੱਤਾ ਹੈ ਜਿਸ ਕਾਰਨ ਏਅਰਲਾਈਨ ‘ਤੇ ਭਾਰੀ ਜੁਰਮਾਨਾ ਲਗਾਇਆ ਗਿਆ ਹੈ।
ਇਸ ਤੋਂ ਪਹਿਲਾਂ ਨਵੰਬਰ 2023 ‘ਚ ਡੀਜੀਸੀਏ ਨੇ ਏਅਰ ਇੰਡੀਆ ‘ਤੇ 10 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਸੀ। ਏਅਰਲਾਈਨ ਰੈਗੂਲੇਟਰ ਨੇ ਇਹ ਜ਼ੁਰਮਾਨਾ ਫਲਾਈਟ ਦੇਰੀ ਰੱਦ ਕਰਨ ਵਰਗੇ ਮਾਮਲਿਆਂ ਤੋਂ ਪ੍ਰਭਾਵਿਤ ਯਾਤਰੀਆਂ ਨੂੰ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸਹੂਲਤਾਂ ਅਤੇ ਮੁਆਵਜ਼ੇ ‘ਤੇ ਨਿਰਧਾਰਤ ਨਿਯਮਾਂ ਦੀ ਪਾਲਣਾ ਨਾ ਕਰਨ ਲਈ ਲਗਾਇਆ ਸੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
