ਨਵੀਂ ਦਿੱਲੀ, 16 ਜਨਵਰੀ (ਹਿ.ਸ.)। ਅੰਤਰਰਾਸ਼ਟਰੀ ਬਾਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ‘ਚ ਉਤਰਾਅ-ਚੜ੍ਹਾਅ ਦੇ ਵਿਚਕਾਰ ਕੇਂਦਰ ਸਰਕਾਰ ਨੇ ਦੇਸ਼ ‘ਚ ਪੈਦਾ ਹੋਣ ਵਾਲੇ ਕੱਚੇ ਤੇਲ ‘ਤੇ ਵਿੰਡਫਾਲ ਟੈਕਸ 600 ਰੁਪਏ ਪ੍ਰਤੀ ਟਨ ਘਟਾ ਦਿੱਤਾ ਹੈ। ਇਸ ਦੇ ਨਾਲ ਹੀ ਡੀਜ਼ਲ, ਪੈਟਰੋਲ ਅਤੇ ਏਅਰਕ੍ਰਾਫਟ ਟਰਬਾਈਨ ਫਿਊਲ (ਏ.ਟੀ.ਐੱਫ.) ਦੇ ਨਿਰਯਾਤ ‘ਤੇ ਸਪੈਸ਼ਲ ਐਡੀਸ਼ਨਲ ਐਕਸਾਈਜ਼ ਡਿਊਟੀ (ਐੱਸਏਈਡੀ) ਨੂੰ ਜ਼ੀਰੋ ਰੱਖਿਆ ਗਿਆ ਹੈ। ਨਵੀਆਂ ਦਰਾਂ ਅੱਜ (ਮੰਗਲਵਾਰ) ਤੋਂ ਲਾਗੂ ਹੋ ਗਈਆਂ ਹਨ।
ਵਿੱਤ ਮੰਤਰਾਲੇ ਦੇ ਨੋਟੀਫਿਕੇਸ਼ਨ ਮੁਤਾਬਕ ਦੇਸ਼ ‘ਚ ਪੈਦਾ ਹੋਣ ਵਾਲੇ ਕੱਚੇ ਤੇਲ ‘ਤੇ ਵਿੰਡਫਾਲ ਟੈਕਸ 600 ਰੁਪਏ ਪ੍ਰਤੀ ਟਨ ਘਟਾਇਆ ਗਿਆ ਹੈ। ਇਸ ਕਟੌਤੀ ਤੋਂ ਬਾਅਦ ਘਰੇਲੂ ਕੱਚੇ ਤੇਲ ‘ਤੇ ਵਿੰਡਫਾਲ ਟੈਕਸ ਹੁਣ 2,300 ਰੁਪਏ ਪ੍ਰਤੀ ਟਨ ਤੋਂ ਘਟ ਕੇ 1,700 ਰੁਪਏ ਪ੍ਰਤੀ ਟਨ ਹੋ ਗਿਆ ਹੈ। ਇਸ ਤੋਂ ਪਹਿਲਾਂ 2 ਜਨਵਰੀ ਨੂੰ ਘਰੇਲੂ ਕੱਚੇ ਤੇਲ ‘ਤੇ ਵਿੰਡਫਾਲ ਟੈਕਸ 1,300 ਰੁਪਏ ਪ੍ਰਤੀ ਟਨ ਤੋਂ ਵਧਾ ਕੇ 2,300 ਰੁਪਏ ਪ੍ਰਤੀ ਟਨ ਕਰ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਡੀਜ਼ਲ, ਪੈਟਰੋਲ ਅਤੇ ਏਟੀਐੱਫ ਦੇ ਨਿਰਯਾਤ ‘ਤੇ ਐੱਸਏਈਡੀ ਨੂੰ ਜ਼ੀਰੋ ‘ਤੇ ਬਰਕਰਾਰ ਰੱਖਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਪਹਿਲੀ ਵਾਰ ਸਰਕਾਰ ਨੇ 1 ਜੁਲਾਈ 2022 ਨੂੰ ਦੇਸ਼ ‘ਚ ਪੈਦਾ ਹੋਣ ਵਾਲੇ ਕੱਚੇ ਤੇਲ ‘ਤੇ ਵਿੰਡਫਾਲ ਟੈਕਸ ਲਗਾਇਆ ਸੀ। ਹਰ 15 ਦਿਨਾਂ ਬਾਅਦ, ਸਰਕਾਰ ਪਿਛਲੇ ਦੋ ਹਫ਼ਤਿਆਂ ਵਿੱਚ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਦੇ ਅਧਾਰ ‘ਤੇ ਘਰੇਲੂ ਕੱਚੇ ਤੇਲ ‘ਤੇ ਵਿੰਡਫਾਲ ਟੈਕਸ ਦੀ ਦਰ ਦਾ ਫੈਸਲਾ ਕਰਦੀ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
