ਨਵੀਂ ਦਿੱਲੀ, 28 ਦਸੰਬਰ (ਹਿ. ਸ.)। ਕਨਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ (ਸੀਏਆਈਟੀ) ਨੇ 22 ਜਨਵਰੀ ਨੂੰ ਅਯੁੱਧਿਆ ਵਿੱਚ ਸ਼੍ਰੀ ਰਾਮ ਮੰਦਰ ਦੇ ਉਦਘਾਟਨ ਤੋਂ ਬਾਅਦ ਦੇਸ਼ ਵਿੱਚ ਆਰਥਿਕ ਵਿਕਾਸ ਦਾ ਅਨੁਮਾਨ ਜਤਾਇਆ ਹੈ। ਕਾਰੋਬਾਰੀ ਸੰਗਠਨ ਕੈਟ ਦੇ ਮੁਤਾਬਕ ਭਗਵਾਨ ਰਾਮ ਦੀ ਪ੍ਰਾਣ ਪ੍ਰਤਿਸ਼ਠਾ ਹੋਣ ਤੋਂ ਬਾਅਦ ਜਨਵਰੀ ‘ਚ ਕਰੀਬ 50 ਹਜ਼ਾਰ ਕਰੋੜ ਰੁਪਏ ਦਾ ਕਾਰੋਬਾਰ ਹੋਣ ਦੀ ਉਮੀਦ ਹੈ।
ਕੈਟ ਦੇ ਰਾਸ਼ਟਰੀ ਜਨਰਲ ਸਕੱਤਰ ਪ੍ਰਵੀਨ ਖੰਡੇਲਵਾਲ ਨੇ ਵੀਰਵਾਰ ਨੂੰ ਜਾਰੀ ਬਿਆਨ ‘ਚ ਕਿਹਾ ਕਿ 22 ਜਨਵਰੀ ਨੂੰ ਸ਼੍ਰੀ ਰਾਮ ਮੰਦਰ ਦੇ ਉਦਘਾਟਨ ਤੋਂ ਬਾਅਦ ਭਾਰਤ ‘ਚ 50 ਹਜ਼ਾਰ ਕਰੋੜ ਰੁਪਏ ਦਾ ਵਾਧੂ ਕਾਰੋਬਾਰ ਹੋਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਸਾਰੇ ਰਾਜਾਂ ਦੇ ਵਪਾਰੀਆਂ ਨੇ ਇਸ ਵਾਧੂ ਕਾਰੋਬਾਰ ਦੀ ਮੰਗ ਨੂੰ ਪੂਰਾ ਕਰਨ ਲਈ ਵਿਆਪਕ ਤਿਆਰੀਆਂ ਕੀਤੀਆਂ ਹਨ।
ਕੈਟ ਦੇ ਰਾਸ਼ਟਰੀ ਪ੍ਰਧਾਨ ਬੀ.ਸੀ ਭਾਰਤੀ ਅਤੇ ਖੰਡੇਲਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 22 ਜਨਵਰੀ ਨੂੰ ‘ਰਾਮ ਰਾਜ ਦਿਵਸ’ ਵਜੋਂ ਘੋਸ਼ਿਤ ਕਰਨ ਦੀ ਅਪੀਲ ਕੀਤੀ ਹੈ, ਕਿਉਂਕਿ ਸ਼੍ਰੀ ਰਾਮ ਭਾਰਤ ਦੀ ਪ੍ਰਾਚੀਨ ਸੰਸਕ੍ਰਿਤੀ, ਸੱਭਿਅਤਾ ਅਤੇ ਸਨਮਾਨ ਦਾ ਪ੍ਰਤੀਕ ਹਨ। ਕੈਟ ਦੇ ਜਨਰਲ ਸਕੱਤਰ ਨੇ ਕਿਹਾ ਕਿ ਰਾਮ ਮੰਦਰ ਦੇ ਉਦਘਾਟਨ ਤੋਂ ਬਾਅਦ ਜਨਵਰੀ ‘ਚ ਭਾਰਤ ‘ਚ ਕਾਫੀ ਆਰਥਿਕ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਰਾਮ ਮੰਦਰ ਦੇ ਉਦਘਾਟਨ ਤੋਂ ਬਾਅਦ ਦੇਸ਼ ਵਿੱਚ ਕਾਰੋਬਾਰ ਦੇ ਨਾਲ-ਨਾਲ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ।
ਖੰਡੇਲਵਾਲ ਨੇ ਦੱਸਿਆ ਕਿ ਵੱਡੀ ਗਿਣਤੀ ਵਿੱਚ ਕੁੜਤੇ, ਟੀ-ਸ਼ਰਟਾਂ ਅਤੇ ਹੋਰ ਕੱਪੜੇ ਤਿਆਰ ਕੀਤੇ ਜਾ ਰਹੇ ਹਨ, ਜਿਨ੍ਹਾਂ ‘ਤੇ ਰਾਮ ਮੰਦਰ ਦੇ ਮਾਡਲ ਨੂੰ ਹੱਥੀਂ ਕਢਾਈ ਅਤੇ ਪ੍ਰਿੰਟ ਕੀਤਾ ਜਾ ਰਿਹਾ ਹੈ। ਦੇਸ਼ ਦੇ ਸਾਰੇ ਬਾਜ਼ਾਰਾਂ ਵਿੱਚ ਵੱਡੀ ਮਾਤਰਾ ਵਿੱਚ ਸ਼੍ਰੀ ਰਾਮ ਧਵਜਾ, ਸ਼੍ਰੀ ਰਾਮ ਅੰਗਵਸਤ੍ਰ ਅਤੇ ਸ਼੍ਰੀ ਰਾਮ ਦੀ ਤਸਵੀਰ ਨਾਲ ਉੱਕਰੀ ਹੋਈ ਮਾਲਾ, ਲਾਕੇਟ, ਚਾਬੀ ਛੱਲੇ, ਰਾਮ ਦਰਬਾਰ ਦੀਆਂ ਤਸਵੀਰਾਂ, ਰਾਮ ਮੰਦਰ ਦੇ ਮਾਡਲ ਦੀਆਂ ਤਸਵੀਰਾਂ, ਸਜਾਵਟੀ ਲਟਕਣਾਂ, ਕੜੇ ਆਦਿ ਅਨੇਕਾਂ ਪ੍ਰਕਾਰ ਦਾ ਸਮਾਨ ਦੁਕਾਨਾਂ ‘ਤੇ ਉਪਲੱਬਧ ਹੈ। ਉਨ੍ਹਾਂ ਕਿਹਾ ਕਿ ਇਸ ਸਮੁੱਚੀ ਮੁਹਿੰਮ ਵਿੱਚ ਸਮਾਜ ਦੇ ਸਾਰੇ ਵਰਗਾਂ ਨੂੰ ਕਾਰੋਬਾਰ ਮੁਹੱਈਆ ਕਰਵਾਉਣ ਅਤੇ ਹਰ ਘਰ ਤੋਂ ਲੈ ਕੇ ਹਰ ਦੁਕਾਨ ਤੱਕ ਸ੍ਰੀ ਰਾਮ ਦਾ ਜੈਕਾਰਾ ਗਜਾਉਣ ਲਈ ਕੈਟ ਨੇ ਸਾਰੇ ਰਾਜਾਂ ਦੀਆਂ ਸਾਰੀਆਂ ਵਪਾਰਕ ਜਥੇਬੰਦੀਆਂ ਨੂੰ ਨਾਲ ਲੈ ਕੇ ਇੱਕ ਵੱਡੇ ਤਾਲਮੇਲ ਦਾ ਬੀੜਾ ਚੁੱਕਿਆ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
