ਨਵੀਂ ਦਿੱਲੀ, 01 ਨਵੰਬਰ (ਹਿ. ਸ.)। ਦੀਵਾਲੀ ਤੋਂ ਪਹਿਲਾਂ ਸਰਕਾਰ ਦਾ ਖਜ਼ਾਨਾ ਗੁਡਜ਼ ਐਂਡ ਸਰਵਿਸਿਜ਼ ਟੈਕਸ (ਜੀ.ਐੱਸ.ਟੀ.) ਦੇ ਮਾਲੀਏ ਨਾਲ ਭਰ ਗਿਆ ਹੈ। ਅਕਤੂਬਰ ਵਿੱਚ ਜੀਐਸਟੀ ਮਾਲੀਆ ਕੁਲੈਕਸ਼ਨ 1.72 ਲੱਖ ਕਰੋੜ ਰੁਪਏ ਤੱਕ ਪਹੁੰਚ ਗਿਆ ਹੈ। ਸਤੰਬਰ ਵਿੱਚ ਜੀਐਸਟੀ ਮਾਲੀਆ ਕੁਲੈਕਸ਼ਨ 1.63 ਲੱਖ ਕਰੋੜ ਰੁਪਏ ਸੀ। ਸਾਲਾਨਾ ਆਧਾਰ ’ਤੇ 13 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।
ਵਿੱਤ ਮੰਤਰਾਲੇ ਨੇ ਬੁੱਧਵਾਰ ਨੂੰ ਇਕ ਬਿਆਨ ‘ਚ ਕਿਹਾ ਕਿ ਅਕਤੂਬਰ ‘ਚ ਜੀਐੱਸਟੀ ਮਾਲੀਆ ਸੰਗ੍ਰਹਿ ਸਾਲਾਨਾ ਆਧਾਰ ‘ਤੇ 13 ਫੀਸਦੀ ਵਧ ਕੇ 1.72 ਲੱਖ ਕਰੋੜ ਰੁਪਏ ‘ਤੇ ਪਹੁੰਚ ਗਿਆ ਹੈ। ਪਿਛਲੇ ਮਹੀਨੇ ਜੀਐਸਟੀ ਕੁਲੈਕਸ਼ਨ 1.63 ਲੱਖ ਕਰੋੜ ਰੁਪਏ ਸੀ। ਇਹ ਜੀਐਸਟੀ ਮਾਲੀਆ ਸੰਗ੍ਰਹਿ ਦਾ ਦੂਜਾ ਸਭ ਤੋਂ ਵੱਧ ਮਹੀਨਾਵਾਰ ਅੰਕੜਾ ਹੈ। ਅਪ੍ਰੈਲ 2023 ‘ਚ ਜੀਐੱਸਟੀ ਕੁਲੈਕਸ਼ਨ 1.87 ਲੱਖ ਕਰੋੜ ਰੁਪਏ ਸੀ। ਇੱਕ ਸਾਲ ਪਹਿਲਾਂ ਅਕਤੂਬਰ 2022 ਵਿੱਚ ਜੀਐਸਟੀ ਕੁਲੈਕਸ਼ਨ 1.52 ਲੱਖ ਕਰੋੜ ਰੁਪਏ ਰਿਹਾ ਸੀ।
ਅੰਕੜਿਆਂ ਅਨੁਸਾਰ ਅਕਤੂਬਰ 2023 ਵਿੱਚ ਜੀਐਸਟੀ ਕੁਲੈਕਸ਼ਨ 1,72,003 ਕਰੋੜ ਰੁਪਏ ਰਿਹਾ ਹੈ। ਇਸ ਵਿੱਚੋਂ ਸੀਜੀਐਸਟੀ 30,062 ਕਰੋੜ ਰੁਪਏ, ਐਸਜੀਐਸਟੀ 38,171 ਕਰੋੜ ਰੁਪਏ, ਆਈਜੀਐਸਟੀ 91,315 ਕਰੋੜ ਰੁਪਏ (ਮਾਲ ਦੇ ਆਯਾਤ ‘ਤੇ ਇਕੱਠੇ ਕੀਤੇ 42,127 ਕਰੋੜ ਰੁਪਏ ਸਮੇਤ) ਅਤੇ ਸੈੱਸ 12,456 ਕਰੋੜ ਰੁਪਏ ਰਿਹਾ ਹੈ। ਇਸ ਵਿੱਚ ਸੈੱਸ ਦੇ ਰੂਪ ਵਿੱਚ ਮਾਲ ਦੀ ਦਰਾਮਦ ਤੋਂ ਪ੍ਰਾਪਤ 1294 ਕਰੋੜ ਰੁਪਏ ਸ਼ਾਮਲ ਹਨ। ਮੰਤਰਾਲੇ ਦੇ ਅਨੁਸਾਰ ਵਿੱਤੀ ਸਾਲ 2023-24 ਵਿੱਚ ਔਸਤ ਮਾਸਿਕ ਜੀਐਸਟੀ ਮਾਲੀਆ ਕੁਲੈਕਸ਼ਨ 1.66 ਲੱਖ ਕਰੋੜ ਰੁਪਏ ਰਿਹਾ ਹੈ। ਇਹ ਪਿਛਲੇ ਸਾਲ ਨਾਲੋਂ 11 ਫੀਸਦੀ ਵੱਧ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
