ਨਵੀਂ ਦਿੱਲੀ, 27 ਸਤੰਬਰ (ਹਿ. ਸ.)। ਭਾਈਵਾਲੀ ਮੋਡ ਵਿੱਚ ਨਵੇਂ ਸੈਨਿਕ ਸਕੂਲ ਖੋਲ੍ਹਣ ਲਈ ਅਰਜ਼ੀ ਦੇਣ ਦੀ ਰਜਿਸਟ੍ਰੇਸ਼ਨ ਮਿਤੀ ਇੱਕ ਵਾਰ ਫਿਰ ਵਧਾਈ ਜਾ ਰਹੀ ਹੈ। ਹੁਣ ਬਿਨੈਕਾਰ 27 ਸਤੰਬਰ ਤੋਂ 25 ਨਵੰਬਰ 2023 ਤੱਕ ਇੱਕ ਵਾਰ ਫਿਰ ਅਪਲਾਈ ਕਰ ਸਕਣਗੇ। ਇਸ ਦੇ ਲਈ, ਦਿਲਚਸਪੀ ਰੱਖਣ ਵਾਲੇ ਸਕੂਲਾਂ/ਟਰੱਸਟ/ਐਨ.ਜੀ.ਓਜ਼. ਨੂੰ ਇੱਕ ਵਾਰ ਫਿਰ ਸੈਨਿਕ ਸਕੂਲ ਸੋਸਾਇਟੀ (ਰੱਖਿਆ ਮੰਤਰਾਲਾ) ਦੇ ਪੋਰਟਲ https:ainikschool.ncog.gov.in/ ’ਤੇ ਸੱਦਾ ਦਿੱਤਾ ਗਿਆ ਹੈ।
ਮੋਦੀ ਸਰਕਾਰ ਦੀ 100 ਨਵੇਂ ਸੈਨਿਕ ਸਕੂਲ ਸਥਾਪਤ ਕਰਨ ਦੀ ਅਭਿਲਾਸ਼ੀ ਯੋਜਨਾ ਦੇ ਹਿੱਸੇ ਵਜੋਂ, ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਤੋਂ ਪਹਿਲਾਂ 16 ਸਤੰਬਰ ਨੂੰ 23 ਨਵੇਂ ਸੈਨਿਕ ਸਕੂਲ ਖੋਲ੍ਹਣ ਦੇ ਪ੍ਰਸਤਾਵ ਨੂੰ ਹਰੀ ਝੰਡੀ ਦਿਖਾਈ ਸੀ। ਇਨ੍ਹਾਂ ਸਮੇਤ ਹੁਣ ਤੱਕ ਦੇਸ਼ ਭਰ ਵਿੱਚ 42 ਨਵੇਂ ਸੈਨਿਕ ਸਕੂਲ ਸਥਾਪਿਤ ਕੀਤੇ ਜਾ ਚੁੱਕੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 100 ਨਵੇਂ ਸੈਨਿਕ ਸਕੂਲਾਂ ਦੀ ਸਥਾਪਨਾ ਦੇ ਪਿੱਛੇ ਦਾ ਉਦੇਸ਼ ਵਿਦਿਆਰਥੀਆਂ ਨੂੰ ਰਾਸ਼ਟਰੀ ਸਿੱਖਿਆ ਨੀਤੀ ਦੇ ਅਨੁਸਾਰ ਮਿਆਰੀ ਸਿੱਖਿਆ ਪ੍ਰਦਾਨ ਕਰਨਾ ਅਤੇ ਹਥਿਆਰਬੰਦ ਸੈਨਾਵਾਂ ਵਿੱਚ ਸ਼ਾਮਲ ਹੋਣ ਸਮੇਤ ਬਿਹਤਰ ਕਰੀਅਰ ਦੇ ਮੌਕੇ ਪ੍ਰਦਾਨ ਕਰਨਾ ਹੈ।
ਭਾਈਵਾਲੀ ਮੋਡ ’ਤੇ ਨਵੇਂ ਸੈਨਿਕ ਸਕੂਲ ਖੋਲ੍ਹ ਕੇ ਮੋਦੀ ਸਰਕਾਰ ਰਾਜ ਸਰਕਾਰਾਂ/ਐਨ.ਜੀ.ਓਜ਼/ਨਿੱਜੀ ਸੈਕਟਰ ਨੂੰ ਰਾਸ਼ਟਰ ਨਿਰਮਾਣ ਲਈ ਕੇਂਦਰ ਸਰਕਾਰ ਨਾਲ ਮਿਲ ਕੇ ਕੰਮ ਕਰਨ ਦਾ ਮੌਕਾ ਪ੍ਰਦਾਨ ਕਰ ਰਹੀ ਹੈ। ਇਸ ਤੋਂ ਪਹਿਲਾਂ ਸਾਰੇ 42 ਸਕੂਲ ਜਿਨ੍ਹਾਂ ਨੂੰ ਸੈਨਿਕ ਸਕੂਲਾਂ ਦੀ ਤਰਜ਼ ’ਤੇ ਕੰਮ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ, ਸੈਨਿਕ ਸਕੂਲਾਂ ਲਈ ਨਿਰਧਾਰਤ ਨਿਯਮਾਂ ਦੀ ਪਾਲਣਾ ਕਰਦੇ ਹੋਏ 6ਵੀਂ ਜਮਾਤ ਤੋਂ ਸਿੱਖਿਆ ਪ੍ਰਦਾਨ ਕਰਨਗੇ। ਇਹ ਸਕੂਲ ਪਹਿਲਾਂ ਤੋਂ ਚੱਲ ਰਹੇ 33 ਸੈਨਿਕ ਸਕੂਲਾਂ ਤੋਂ ਇਲਾਵਾ ਹਨ।
ਨਵੇਂ ਸਥਾਪਿਤ ਸਕੂਲ, ਸਬੰਧਤ ਸਿੱਖਿਆ ਬੋਰਡਾਂ ਦੀ ਮਾਨਤਾ ਤੋਂ ਇਲਾਵਾ, ਸੈਨਿਕ ਸਕੂਲ ਸੁਸਾਇਟੀ ਦੀ ਅਗਵਾਈ ਹੇਠ ਕੰਮ ਕਰਨਗੇ ਅਤੇ ਭਾਈਵਾਲੀ ਮੋਡ ਵਿੱਚ ਨਵੇਂ ਸੈਨਿਕ ਸਕੂਲਾਂ ਲਈ ਨਿਰਧਾਰਤ ਨਿਯਮਾਂ ਦੀ ਪਾਲਣਾ ਕਰਨਗੇ। ਇਸਦੇ ਨਾਲ ਹੀ ਉਹ ਸੈਨਿਕ ਸਕੂਲ ਪੈਟਰਨ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਨਿਯਮਤ ਮਾਨਤਾ ਪ੍ਰਾਪਤ ਬੋਰਡ ਪਾਠਕ੍ਰਮ ਤੋਂ ਇਲਾਵਾ ਅਕਾਦਮਿਕ ਪਲੱਸ ਪਾਠਕ੍ਰਮ ਦੀ ਸਿੱਖਿਆ ਵੀ ਪ੍ਰਦਾਨ ਕਰਨਗੇ।
ਨਵੇਂ ਸੈਨਿਕ ਸਕੂਲਾਂ ਲਈ ਅਰਜ਼ੀਆਂ ਲਈ ਇੱਕ ਵਾਰ ਫਿਰ ਪੋਰਟਲ ਖੋਲ੍ਹਣ ਦੇ ਨਾਲ, ਰੱਖਿਆ ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ਅਜਿਹੇ ਸਕੂਲ/ਐਨਜੀਓ/ਟਰੱਸਟ/ਸੋਸਾਇਟੀਆਂ, ਜੋ ਪਹਿਲਾਂ ਹੀ ਰਾਊਂਡ-1 ਅਤੇ ਰਾਊਂਡ-2 ਦੌਰਾਨ ਰਜਿਸਟਰਡ ਅਤੇ ਅਪਲਾਈ ਕਰ ਚੁੱਕੀਆਂ ਹਨ, ਦੁਬਾਰਾ ਅਰਜ਼ੀ ਦੇਣ ਜਾਂ ਦੁਬਾਰਾ ਰਜਿਸਟਰੇਸ਼ਨ ਫੀਸ ਦਾ ਭੁਗਤਾਨ ਕਰਨ ਦੀ ਲੋੜ ਨਹੀਂ ਹੋਵੇਗੀ। ਹਾਲਾਂਕਿ, ਪਹਿਲਾਂ ਤੋਂ ਰਜਿਸਟਰਡ ਬਿਨੈਕਾਰਾਂ ਨੂੰ ਨਵੀਂ ਜਾਣਕਾਰੀ ਦੇ ਨਾਲ ਪੋਰਟਲ ’ਤੇ ਆਪਣੇ ਡੇਟਾ ਨੂੰ ਅਪਡੇਟ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
