ਬਗਦਾਦ, 27 ਸਤੰਬਰ (ਹਿ. ਸ.)। ਇਰਾਕ ਦੇ ਅਲ-ਹਮਦਾਨੀਆ ਸ਼ਹਿਰ ’ਚ ਮੰਗਲਵਾਰ ਰਾਤ ਕਰੀਬ 10.45 ਵਜੇ ਇਕ ਵਿਆਹ ਸਮਾਰੋਹ ਦੌਰਾਨ ਇਕ ਮੈਰਿਜ ਹਾਲ ’ਚ ਅੱਗ ਲੱਗਣ ਕਾਰਨ ਘੱਟੋ-ਘੱਟ 113 ਲੋਕਾਂ ਦੀ ਮੌਤ ਹੋ ਗਈ ਅਤੇ 550 ਤੋਂ ਜ਼ਿਆਦਾ ਝੁਲਸ ਗਏ। ਚਾਰੇ ਪਾਸੇ ਸੋਗ ਦੀ ਲਹਿਰ ਹੈ। ਪ੍ਰਸ਼ਾਸਨ ਰਾਹਤ ਅਤੇ ਬਚਾਅ ਕਾਰਜ ’ਚ ਲੱਗਾ ਹੋਇਆ ਹੈ। ਅਲ-ਹਮਦਾਨਿਆਹ ਸ਼ਹਿਰ ਦੇਸ਼ ਦੇ ਉੱਤਰੀ ਹਿੱਸੇ ਵਿੱਚ ਹੈ। ਇਹ ਜਾਣਕਾਰੀ ਸਥਾਨਕ ਮੀਡੀਆ ਰਿਪੋਰਟਾਂ ਵਿੱਚ ਦਿੱਤੀ ਗਈ ਹੈ।
ਮੀਡੀਆ ਰਿਪੋਰਟਾਂ ’ਚ ਕਿਹਾ ਗਿਆ ਹੈ ਕਿ ਡਿਪਟੀ ਗਵਰਨਰ ਹਸਨ ਅਲ ਅਲਕ ਨੇ ਇਸ ਦੀ ਪੁਸ਼ਟੀ ਕੀਤੀ ਹੈ। ਮੀਡੀਆ ਰਿਪੋਰਟਾਂ ਵਿੱਚ ਸਿਵਲ ਡਿਫੈਂਸ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਵਿਆਹ ਦੇ ਜਸ਼ਨਾਂ ਵਿੱਚ ਰੁੱਝੇ ਹੋਏ ਲੋਕਾਂ ਨੇ ਜੰਮ ਕੇ ਆਤਿਸ਼ਬਾਜ਼ੀ ਕੀਤੀ। ਇਸ ਦੌਰਾਨ ਹਾਲ ’ਚ ਅੱਗ ਲੱਗ ਗਈ। ਇਸ ਹਾਦਸੇ ’ਚ ਬੁਰੀ ਤਰ੍ਹਾਂ ਝੁਲਸ ਗਏ ਇਮਾਦ ਯੋਹਾਨਾ ਨੇ ਦੱਸਿਆ ਕਿ ਚੀਕ-ਚਿਹਾੜਾ ਸੁਣ ਕੇ ਲੋਕ ਇੱਧਰ-ਉੱਧਰ ਭੱਜਦੇ ਰਹੇ, ਡਿੱਗਦੇ ਰਹੇ ਅਤੇ ਅੱਲ੍ਹਾ ਨੂੰ ਪਿਆਰੇ ਹੋ ਗਏ। ਜੋ ਭੱਜਣ ਵਿੱਚ ਕਾਮਯਾਬ ਰਹੇ ਉਹ ਖੁਸ਼ਕਿਸਮਤ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
