ਕੀਵ, 26 ਸਤੰਬਰ (ਹਿ. ਸ.)। ਯੂਕਰੇਨ ਦੀ ਫੌਜ ਨੇ ਦਾਅਵਾ ਕੀਤਾ ਹੈ ਕਿ ਉਸਨੇ ਰੂਸ ਦੇ ਬਲੈਕ ਸੀ ਫਲੀਟ ਦੇ ਹੈੱਡਕੁਆਰਟਰ ’ਤੇ ਹਮਲਾ ਕੀਤਾ, ਜਿਸ ਵਿੱਚ 34 ਅਧਿਕਾਰੀ ਮਾਰੇ ਗਏ। ਇਨ੍ਹਾਂ ਵਿੱਚ ਹੈੱਡਕੁਆਰਟਰ ਦੇ ਕਮਾਂਡਰ ਐਡਮਿਰਲ ਵਿਕਟਰ ਸੋਕੋਲੋਵ ਸ਼ਾਮਲ ਹਨ। ਯੂਕਰੇਨੀ ਫੌਜ ਦੇ ਇਸ ਦਾਅਵੇ ਨੂੰ ਅਮਰੀਕੀ ਮੀਡੀਆ ਰਿਪੋਰਟਾਂ ਵਿੱਚ ਪ੍ਰਮੁੱਖਤਾ ਦਿੱਤੀ ਗਈ ਹੈ। ਰਿਪੋਰਟਾਂ ਨੇ ਯੂਕਰੇਨ ਦੇ ਦਾਅਵੇ ਦੀ ਸੱਚਾਈ ਦੀ ਪੁਸ਼ਟੀ ਨਹੀਂ ਕੀਤੀ ਹੈ।
ਯੂਕਰੇਨ ਦੀ ਫੌਜ ਵਲੋਂ ਸੋਮਵਾਰ ਨੂੰ ਕਿਹਾ ਗਿਆ ਕਿ ਉਸ ਨੇ ਪਿਛਲੇ ਹਫਤੇ ਇੱਕ ਮਿਜ਼ਾਈਲ ਹਮਲੇ ਵਿੱਚ ਰੂਸ ਦੇ ਬਲੈਕ ਸੀ ਫਲੀਟ ਦੇ ਕਮਾਂਡਰ ਅਤੇ 33 ਹੋਰ ਅਧਿਕਾਰੀਆਂ ਨੂੰ ਮਾਰ ਦਿੱਤਾ। ਰਿਪੋਰਟਾਂ ’ਚ ਕਿਹਾ ਗਿਆ ਹੈ ਕਿ ਜੇਕਰ ਇਸਦੀ ਪੁਸ਼ਟੀ ਹੋ ਜਾਂਦੀ ਹੈ, ਤਾਂ ਪਿਛਲੇ ਸਾਲ ਫਲੀਟ ਦੇ ਫਲੈਗਸ਼ਿਪ ਦੇ ਡੁੱਬਣ ਤੋਂ ਬਾਅਦ ਇਹ ਨੁਕਸਾਨ ਰੂਸੀ ਜਲ ਸੈਨਾ ਲਈ ਸਭ ਤੋਂ ਭੈੜਾ ਹੋਵੇਗਾ।
ਮੀਡੀਆ ਰਿਪੋਰਟਾਂ ’ਚ ਸਪੱਸ਼ਟ ਕੀਤਾ ਗਿਆ ਹੈ ਕਿ ਯੂਕਰੇਨ ਦੇ ਦਾਅਵੇ ’ਤੇ ਮਾਸਕੋ ਦੇ ਰੱਖਿਆ ਮੰਤਰਾਲੇ ਤੋਂ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਜਾ ਸਕੀ। ਨਾਲ ਹੀ ਯੂਕਰੇਨ ਦੇ ਦਾਅਵੇ ਦੀ ਸੁਤੰਤਰ ਤੌਰ ’ਤੇ ਪੁਸ਼ਟੀ ਨਹੀਂ ਕੀਤੀ ਜਾ ਸਕੀ ਹੈ। ਬਲੈਕ ਸੀ ਫਲੀਟ ਦੇ ਕਮਾਂਡਰ ਵਿਕਟਰ ਸੋਕੋਲੋਵ ਮਾਸਕੋ ਦੀ ਜਲ ਸੈਨਾ ਦੇ ਸਭ ਤੋਂ ਸੀਨੀਅਰ ਅਧਿਕਾਰੀਆਂ ਵਿੱਚੋਂ ਇੱਕ ਹਨ। ਯੂਕਰੇਨ ਦੇ ਵਿਸ਼ੇਸ਼ ਆਪ੍ਰੇਸ਼ਨ ਬਲਾਂ ਨੇ ਕਿਹਾ ਕਿ ਮਿਜ਼ਾਈਲ ਨੇ ਸ਼ੁੱਕਰਵਾਰ ਨੂੰ ਕ੍ਰੀਮੀਅਨ ਸ਼ਹਿਰ ਸੇਵਾਸਤੋਪੋਲ ਵਿੱਚ ਬੇੜੇ ਦੇ ਹੈੱਡਕੁਆਰਟਰ ’ਤੇ ਹਮਲਾ ਕੀਤਾ। ਉਸ ਸਮੇਂ ਰੂਸੀ ਫੌਜੀ ਅਧਿਕਾਰੀ ਉੱਥੇ ਮੀਟਿੰਗ ਕਰ ਰਹੇ ਸਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
