ਲਖਨਊ, 26 ਸਤੰਬਰ (ਹਿ. ਸ.)। ਉੱਤਰ ਪ੍ਰਦੇਸ਼ ਦੇ ਅੱਤਵਾਦ ਵਿਰੋਧੀ ਦਸਤੇ (ਏ.ਟੀ.ਐੱਸ.) ਨੇ ਮੰਗਲਵਾਰ ਨੂੰ ਲਖਨਊ ਤੋਂ ਅੱਤਵਾਦੀ ਗਤੀਵਿਧੀਆਂ ’ਚ ਸ਼ਾਮਲ ਇਕ ਸ਼ੱਕੀ ਨੂੰ ਗ੍ਰਿਫਤਾਰ ਕੀਤਾ ਹੈ। ਜਾਂਚ ਦੌਰਾਨ ਏ.ਟੀ.ਐੱਸ. ਨੂੰ ਕੁਝ ਅਹਿਮ ਸੁਰਾਗ ਮਿਲੇ ਹਨ, ਜਿਸ ’ਚ ਦੋਸ਼ੀ ਪਾਕਿਸਤਾਨੀ ਖੁਫੀਆ ਏਜੰਸੀ ਆਈਐੱਸਆਈ ਦੀ ਮਹਿਲਾ ਹੈਂਡਲਰ ਦੇ ਸੰਪਰਕ ਵਿੱਚ ਸੀ। ਉਸ ਨੇ ਉਨ੍ਹਾਂ ਨੂੰ ਭਾਰਤੀ ਫੌਜ ਨਾਲ ਜੁੜੀਆਂ ਕਈ ਤਸਵੀਰਾਂ ਭੇਜੀਆਂ ਅਤੇ ਬਦਲੇ ’ਚ ਪੈਸੇ ਮਿਲੇ।
ਏਟੀਐਸ ਨੇ ਉਸ ਕੋਲੋਂ ਫਰਜ਼ੀ ਫੌਜੀ ਪਛਾਣ ਪੱਤਰ ਅਤੇ ਹੋਰ ਚੀਜ਼ਾਂ ਬਰਾਮਦ ਕੀਤੀਆਂ ਹਨ। ਹਾਲਾਂਕਿ ਅਜੇ ਤੱਕ ਇਸ ਸਬੰਧੀ ਏਟੀਐਸ ਵੱਲੋਂ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ। ਏਟੀਐਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸ਼ੱਕੀ ਵਿਅਕਤੀ ਸ਼ੈਲੇਸ਼ ਕੁਮਾਰ ਉਰਫ ਸ਼ੈਲੇਂਦਰ ਚੌਹਾਨ ਹੈ, ਜੋ ਅਸਲ ਵਿੱਚ ਕਾਸਗੰਜ ਜ਼ਿਲ੍ਹੇ ਦੇ ਪਟਿਆਲੀ ਦਾ ਰਹਿਣ ਵਾਲਾ ਹੈ। ਅਰੁਣਾਚਲ ਪ੍ਰਦੇਸ਼ ’ ਭਾਰਤੀ ਫੌਜ ਵਿੱਚ ਕਰੀਬ ਅੱਠ ਮਹੀਨੇ ਆਰਜ਼ੀ ਮਜ਼ਦੂਰ ਵਜੋਂ ਕੰਮ ਕਰਦੇ ਹੋਏ ਉਸਨੇ ਫੌਜ ਨਾਲ ਜੁੜੀਆਂ ਜਾਣਕਾਰੀਆਂ ਇਕੱਠੀਆਂ ਕੀਤੀਆਂ ਸਨ।
ਫੇਸਬੁੱਕ ’ਤੇ ਉਸ ਨੇ ਫੌਜ ਦੀ ਵਰਦੀ ਪਹਿਨੀ ਆਪਣੀ ਇਕ ਪ੍ਰੋਫਾਈਲ ਤਸਵੀਰ ਵੀ ਪੋਸਟ ਕੀਤੀ ਹੈ, ਜਿਸ ਵਿਚ ਆਪਣੇ ਆਪ ਨੂੰ ਫੌਜ ਵਿਚ ਸੇਵਾ ਕਰਨ ਵਾਲਾ ਦੱਸਿਆ ਗਿਆ ਹੈ। ਜਦੋਂ ਕਿ ਫਿਲਹਾਲ ਉਹ ਫੌਜ ਵਿੱਚ ਕੋਈ ਅਹੁਦਾ ਨਹੀਂ ਸੰਭਾਲ ਰਿਹਾ ਹੈ। ਇਸ ਦੌਰਾਨ ਉਹ ਫੇਸਬੁੱਕ ’ਤੇ ਹਰਲੀਨ ਕੌਰ ਅਤੇ ਪ੍ਰੀਤੀ ਨਾਮਕ ਲੜਕੀਆਂ ਦੇ ਸੰਪਰਕ ’ਚ ਆਇਆ ਸੀ। ਪੈਸਿਆਂ ਦੇ ਲਾਲਚ ’ਚ ਉਸ ਨੇ ਫੌਜ ਨਾਲ ਜੁੜੀਆਂ ਕਈ ਅਹਿਮ ਜਾਣਕਾਰੀਆਂ ਅਤੇ ਫੌਜ ਦੀਆਂ ਗੱਡੀਆਂ ਦੀ ਆਵਾਜਾਈ ਦੀਆਂ ਤਸਵੀਰਾਂ ਉਨ੍ਹਾਂ ਲੜਕੀਆਂ ਨੂੰ ਭੇਜੀਆਂ ਸਨ। ਇਸ ਦੇ ਬਦਲੇ ਉਸਦੇ ਖਾਤੇ ਵਿੱਚ ਪੈਸੇ ਵੀ ਆ ਗਏ, ਹਾਲਾਂਕਿ ਇਨ੍ਹਾਂ ਸਾਰੀਆਂ ਗੱਲਾਂ ਨੂੰ ਲੈ ਕੇ ਏਟੀਐਸ ਵੱਲੋਂ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ। ਏਟੀਐਸ ਦੀ ਟੀਮ ਉਸ ਤੋਂ ਪੁੱਛਗਿੱਛ ਕਰ ਰਹੀ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
