ਮੁੰਬਈ, 25 ਸਤੰਬਰ (ਹਿ. ਸ.)। ਸ਼ਾਹਰੁਖ ਖਾਨ ਦੀ ਕਾਫੀ ਚਰਚਿਤ ਫਿਲਮ ‘ਜਵਾਨ’ ਇਸ ਸਮੇਂ ਬਾਕਸ ਆਫਿਸ ’ਤੇ ਧਮਾਲ ਮਚਾ ਰਹੀ ਹੈ। ਇਸ ਮਹੀਨੇ ਦੀ 7 ਤਰੀਕ ਨੂੰ ਰਿਲੀਜ਼ ਹੋਈ ਇਹ ਫਿਲਮ ਪਹਿਲਾਂ ਹੀ ਨਵੇਂ ਰਿਕਾਰਡ ਬਣਾ ਚੁੱਕੀ ਹੈ। ਫਿਲਮ ਨੇ ਪਹਿਲੇ ਦਿਨ ਹੀ 75 ਕਰੋੜ ਦੀ ਕਮਾਈ ਕੀਤੀ ਸੀ। ਰਿਲੀਜ਼ ਦੇ 18 ਦਿਨ ਬਾਅਦ ਵੀ ਫਿਲਮ ਦਾ ਕ੍ਰੇਜ਼ ਘੱਟ ਨਹੀਂ ਹੋਇਆ ਹੈ। ਫਿਲਮ ਨੇ 18 ਦਿਨਾਂ ’ਚ ਦੁਨੀਆ ਭਰ ਵਿੱਚ 1,000 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ।
ਸਕਨੀਲਕ ਦੇ ਅੰਕੜਿਆਂ ਦੇ ਅਨੁਸਾਰ, ਫਿਲਮ ਨੇ ਆਪਣੀ ਰਿਲੀਜ਼ ਦੇ 18ਵੇਂ ਦਿਨ 15.69 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਸ ਕਮਾਈ ਦੇ ਆਧਾਰ ’ਤੇ ਇਸ ਫਿਲਮ ਦਾ ਹੁਣ ਤੱਕ ਦਾ ਕੁਲ ਕਲੈਕਸ਼ਨ 562 ਕਰੋੜ ਰੁਪਏ ਹੈ। ਫਿਲਮ ਦੀ ਕਮਾਈ ਦੀ ਰਫਤਾਰ ਨੂੰ ਦੇਖਦੇ ਹੋਏ ਫਿਲਮ ਭਾਰਤ ’ਚ ਜਲਦ ਹੀ 600 ਕਰੋੜ ਦਾ ਅੰਕੜਾ ਪਾਰ ਕਰ ਸਕਦੀ ਹੈ। ‘ਜਵਾਨ’ ਸਭ ਤੋਂ ਤੇਜ਼ੀ ਨਾਲ 500 ਕਰੋੜ ਦਾ ਅੰਕੜਾ ਪਾਰ ਕਰਨ ਵਾਲੀ ਫਿਲਮ ਬਣ ਗਈ ਹੈ।
ਐਟਲੀ ਦੀ ਨਿਰਦੇਸ਼ਿਤ ਫਿਲਮ ‘ਜਵਾਨ’ ਨੇ ਵਿਦੇਸ਼ਾਂ ਵਿੱਚ ਵੀ ਚੰਗੀ ਕਮਾਈ ਕੀਤੀ ਹੈ। ਕਿੰਗ ਖਾਨ ਦੀ ਇਹ ਫਿਲਮ ਹੁਣ ਤੱਕ ਦੁਨੀਆ ਭਰ ਵਿੱਚ ਇੱਕ ਹਜ਼ਾਰ ਕਰੋੜ ਦੀ ਕਮਾਈ ਦਾ ਅੰਕੜਾ ਪਾਰ ਕਰ ਚੁੱਕੀ ਹੈ। ਇਸ ਫਿਲਮ ਨੇ ਹਿੰਦੀ ਦੇ ਨਾਲ-ਨਾਲ ਤਾਮਿਲ ਅਤੇ ਤੇਲਗੂ ਵਿੱਚ ਵੀ ਜ਼ਬਰਦਸਤ ਕਮਾਈ ਕੀਤੀ ਹੈ। ਫਿਲਮ ਨੇ ਕਮਾਈ ਦੇ ਮਾਮਲੇ ’ਚ ‘ਪਠਾਨ’ ਅਤੇ ‘ਗਦਰ-2’ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਸ਼ਾਹਰੁਖ ਦੀ ਫਿਲਮ ‘ਪਠਾਨ’ ਨੂੰ ਦੁਨੀਆ ਭਰ ’ਚ 1,000 ਕਰੋੜ ਰੁਪਏ ਦੀ ਕਮਾਈ ਕਰਨ ’ਚ 26 ਦਿਨ ਲੱਗੇ ਪਰ ਜਵਾਨ ਨੇ ਸਿਰਫ 18 ਦਿਨਾਂ ’ਚ ਦੁਨੀਆ ਭਰ ’ਚ 1,000 ਕਰੋੜ ਰੁਪਏ ਦਾ ਕਾਰੋਬਾਰ ਕਰ ਲਿਆ ਹੈ।
ਫਿਲਮ ‘ਜਵਾਨ’ ’ਚ ਸ਼ਾਹਰੁਖ ਖਾਨ ਮੁੱਖ ਭੂਮਿਕਾ ਨਿਭਾਅ ਰਹੇ ਹਨ। ਇਸ ਫਿਲਮ ’ਚ ਉਨ੍ਹਾਂ ਦੇ ਪੰਜ ਲੁੱਕ ਦੇਖਣ ਨੂੰ ਮਿਲਣ ਰਹੇ ਹਨ। ਇਸ ਤੋਂ ਇਲਾਵਾ ਫਿਲਮ ’ਚ ਨਯਨਤਾਰਾ, ਵਿਜੇ ਸੇਤੂਪਤੀ, ਸਾਨਿਆ ਮਲਹੋਤਰਾ, ਪ੍ਰਿਯਾਮਣੀ, ਗਿਰਿਜਾ ਓਕ, ਰਿਧੀ ਡੋਗਰਾ ਆਦਿ ਵੀ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
