ਹਾਂਗਜ਼ੂ, 25 ਸਤੰਬਰ (ਹਿ. ਸ.)। ਭਾਰਤੀ ਨਿਸ਼ਾਨੇਬਾਜ਼ਾਂ ਨੇ ਸੋਮਵਾਰ ਨੂੰ ਏਸ਼ੀਆਈ ਖੇਡਾਂ ’ਚ ਭਾਰਤ ਨੂੰ ਆਪਣਾ ਪਹਿਲਾ ਸੋਨ ਤਮਗਾ ਦਿਵਾਇਆ ਹੈ। ਪੁਰਸ਼ਾਂ ਦੇ 10 ਮੀਟਰ ਏਅਰ ਰਾਈਫਲ ਟੀਮ ਮੁਕਾਬਲੇ ਵਿੱਚ ਰੁਦਰਾਕਸ਼ ਪਾਟਿਲ, ਦਿਵਿਆਂਸ਼ ਪੰਵਾਰ ਅਤੇ ਐਸ਼ਵਰਿਆ ਪ੍ਰਤਾਪ ਸਿੰਘ ਤੋਮਰ ਨੇ 1893.7 ਦੇ ਸੰਯੁਕਤ ਸਕੋਰ ਨਾਲ ਸੋਨ ਤਗਮਾ ਜਿੱਤਿਆ।
ਇਸ ਤੋਂ ਇਲਾਵਾ ਰੁਦਰਾਕਸ਼ ਪਾਟਿਲ ਨੇ 632.5 ਦੇ ਨਾਲ ਤੀਜੇ ਰੈਂਕ ਨਾਲ ਅਤੇ ਐਸ਼ਵਰਿਆ ਪ੍ਰਤਾਪ ਸਿੰਘ ਤੋਮਰ 631.6 ਦੇ ਨਾਲ ਪੰਜਵੇਂ ਰੈਂਕ ਨਾਲ ਵਿਅਕਤੀਗਤ ਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ। ਪੰਵਾਰ ਚੋਟੀ ਦੇ 8 ਵਿੱਚ ਰਹੇ, ਪਰ ਫਾਈਨਲ ਵਿੱਚ ਸ਼ੂਟ ਨਹੀਂ ਕਰ ਸਕੇ ਕਿਉਂਕਿ ਇੱਕ ਐਨਓਸੀ ’ਤੇ ਸਿਰਫ਼ ਦੋ ਨਿਸ਼ਾਨੇਬਾਜ਼ ਹੀ ਸ਼ੂਟ ਕਰ ਸਕਦੇ ਹਨ।
ਇਸ ਦੇ ਨਾਲ ਹੀ ਭਾਰਤ ਨੇ 10 ਮੀਟਰ ਪੁਰਸ਼ ਰਾਈਫਲ ਟੀਮ ਈਵੈਂਟ ਵਿੱਚ 1893.7 ਅੰਕਾਂ ਨਾਲ ਵਿਸ਼ਵ ਰਿਕਾਰਡ ਵੀ ਤੋੜ ਦਿੱਤਾ ਹੈ। ਇਸ ਤੋਂ ਪਹਿਲਾਂ ਇਹ ਰਿਕਾਰਡ ਚੀਨ (1893.3 ਅੰਕ) ਦੇ ਨਾਮ ਸੀ, ਜੋ ਇਸ ਨੇ ਇਸ ਸਾਲ ਦੀ ਸ਼ੁਰੂਆਤ ’ਚ 19 ਅਗਸਤ ਨੂੰ ਬਾਕੂ ਵਿਸ਼ਵ ਚੈਂਪੀਅਨਸ਼ਿਪ ਵਿੱਚ ਬਣਾਇਆ ਸੀ। ਕੋਰੀਆ ਨੇ 1890.1 ਅੰਕਾਂ ਨਾਲ ਚਾਂਦੀ ਅਤੇ ਚੀਨ ਨੇ 1888.2 ਅੰਕਾਂ ਨਾਲ ਕਾਂਸੀ ਦਾ ਤਗਮਾ ਜਿੱਤਿਆ।
ਜ਼ਿਕਰਯੋਗ ਹੈ ਕਿ ਦੂਜੇ ਦਿਨ ਸੋਮਵਾਰ ਸਵੇਰੇ ਭਾਰਤ ਨੇ ਏਸ਼ਿਆਈ ਖੇਡਾਂ ਵਿੱਚ ਦੋ ਤਗਮੇ ਜਿੱਤੇ, ਪੁਰਸ਼ਾਂ ਦੀ 10 ਮੀਟਰ ਏਅਰ ਰਾਈਫਲ ਟੀਮ ਈਵੈਂਟ ਵਿੱਚ ਸੋਨੇ ਤੋਂ ਇਲਾਵਾ ਰੋਇੰਗ ਵਿੱਚ ਭਾਰਤ ਨੇ ਕਾਂਸੀ ਦਾ ਤਗ਼ਮਾ ਜਿੱਤਿਆ। ਇਸ ਤੋਂ ਪਹਿਲਾਂ ਐਤਵਾਰ ਨੂੰ ਖੇਡਾਂ ਦੇ ਪਹਿਲੇ ਦਿਨ ਭਾਰਤੀਆਂ ਨੇ ਪੰਜ ਤਗਮੇ ਜਿੱਤੇ ਸਨ ਪਰ ਇਸ ਵਿਚ ਕੋਈ ਸੋਨ ਤਗਮਾ ਸ਼ਾਮਲ ਨਹੀਂ ਸੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
