ਨਵੀਂ ਦਿੱਲੀ, 2 ਸਤੰਬਰ (ਹਿੰ.ਸ.)। ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲਾਰੈਂਸ ਵੋਂਗ ਮੰਗਲਵਾਰ ਨੂੰ 2-4 ਸਤੰਬਰ ਤੱਕ ਭਾਰਤ ਦੇ ਸਰਕਾਰੀ ਦੌਰੇ ‘ਤੇ ਪਹੁੰਚ ਰਹੇ ਹਨ। ਸਿੰਗਾਪੁਰ ਦੇ ਪ੍ਰਧਾਨ ਮੰਤਰੀ ਵਜੋਂ ਲਾਰੈਂਸ ਵੋਂਗ ਦਾ ਇਹ ਪਹਿਲਾ ਭਾਰਤ ਦੌਰਾ ਹੋਵੇਗਾ। ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ ਅਤੇ ਕੈਬਨਿਟ ਮੰਤਰੀਆਂ, ਸੀਨੀਅਰ ਅਧਿਕਾਰੀਆਂ ਸਮੇਤ ਇੱਕ ਉੱਚ ਪੱਧਰੀ ਵਫ਼ਦ ਵੀ ਹੋਵੇਗਾ।
ਵਿਦੇਸ਼ ਮੰਤਰਾਲੇ ਦੇ ਅਨੁਸਾਰ, ਪ੍ਰਧਾਨ ਮੰਤਰੀ ਵੋਂਗ ਦਾ ਆਉਣ ਵਾਲਾ ਦੌਰਾ ਭਾਰਤ-ਸਿੰਗਾਪੁਰ ਕੂਟਨੀਤਕ ਸਬੰਧਾਂ ਦੀ 60ਵੀਂ ਵਰ੍ਹੇਗੰਢ ਦੇ ਮੌਕੇ ‘ਤੇ ਹੋ ਰਿਹਾ ਹੈ। ਇਹ ਦੌਰਾ ਦੋਵਾਂ ਪ੍ਰਧਾਨ ਮੰਤਰੀਆਂ ਨੂੰ ਮਜ਼ਬੂਤ ਅਤੇ ਬਹੁਪੱਖੀ ਸਹਿਯੋਗ ਦੀ ਸਮੀਖਿਆ ਕਰਨ ਅਤੇ ਭਵਿੱਖ ਦੇ ਰਸਤੇ ਨੂੰ ਤੈਅ ਕਰਨ ਦਾ ਮੌਕਾ ਪ੍ਰਦਾਨ ਕਰੇਗਾ। ਦੋਵੇਂ ਪ੍ਰਧਾਨ ਮੰਤਰੀ ਆਪਸੀ ਹਿੱਤ ਦੇ ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ‘ਤੇ ਵੀ ਚਰਚਾ ਕਰਨਗੇ।
ਇਸ ਦੌਰੇ ਦੌਰਾਨ, ਪ੍ਰਧਾਨ ਮੰਤਰੀ ਮੋਦੀ ਅਤੇ ਪ੍ਰਧਾਨ ਮੰਤਰੀ ਵੋਂਗ ਵੀਰਵਾਰ ਨੂੰ ਦੁਵੱਲੀ ਗੱਲਬਾਤ ਕਰਨਗੇ। ਪ੍ਰਧਾਨ ਮੰਤਰੀ ਵੋਂਗ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ ਕਰਨਗੇ। ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਅਤੇ ਹੋਰ ਪਤਵੰਤੇ ਵੀ ਇਸ ਦੌਰੇ ਦੌਰਾਨ ਪ੍ਰਧਾਨ ਮੰਤਰੀ ਵੋਂਗ ਨਾਲ ਮੁਲਾਕਾਤ ਕਰਨਗੇ।
ਜ਼ਿਕਰਯੋਗ ਹੈ ਕਿ ਸਿੰਗਾਪੁਰ ਭਾਰਤ ਲਈ ਮਹੱਤਵਪੂਰਨ ਭਾਈਵਾਲ ਹੈ, ਜਿਸ ਵਿੱਚ ਭਾਰਤ ਦੀ ‘ਐਕਟ ਈਸਟ’ ਨੀਤੀ ਵੀ ਸ਼ਾਮਲ ਹੈ। ਸਤੰਬਰ 2024 ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਸਿੰਗਾਪੁਰ ਫੇਰੀ ਦੌਰਾਨ ਦੁਵੱਲੇ ਸਬੰਧਾਂ ਨੂੰ ਵਿਆਪਕ ਰਣਨੀਤਕ ਭਾਈਵਾਲੀ ਦੇ ਪੱਧਰ ਤੱਕ ਵਧਾਇਆ ਗਿਆ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ
