ਫਾਜ਼ਿਲਕਾ 26 ਜੁਲਾਈ (ਹਿੰ. ਸ.)। ਝੋਨੇ ਦੀ ਸਿੱਧੀ ਬਿਜਾਈ ਕਰਨ ਵਿੱਚ ਫਾਜ਼ਿਲਕਾ ਜਿਲਾ ਹੁਣ ਤੱਕ ਮੋਹਰੀ ਰਹਿਣ ਵਿਚ ਸਾਬਿਤ ਹੋਇਆ ਹੈ| ਜ਼ਿਲ੍ਹੇ ਦੇ 8386 ਕਿਸਾਨਾਂ ਵੱਲੋਂ ਹੁਣ ਤੱਕ 101236 ਏਕੜ ਝੋਨੇ ਦੀ ਸਿੱਧੀ ਬਿਜਾਈ ਕੀਤੀ ਗਈ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਫਾਜ਼ਿਲਕਾ ਦੇ ਮੁੱਖ ਖੇਤੀਬਾੜੀ ਅਫਸਰ ਰਾਜਿੰਦਰ ਕੁਮਾਰ ਕੰਬੋਜ ਨੇ ਕੀਤਾ|
ਉਨ੍ਹਾਂ ਦੱਸਿਆ ਕਿ ਝੋਨੇ ਦੀ ਸਿਧੀ ਬਿਜਾਈ ਕਰਨ ਤੇ ਸਬਸਿਡੀ ਪ੍ਰਾਪਤ ਕਰਨ ਦੀ ਕਾਰਵਾਈ ਅਜੇ ਵੀ ਚੱਲ ਰਹੀ ਹੈ| ਉਨ੍ਹਾਂ ਕਿਹਾ ਕਿ ਝੋਨੇ ਦੀ ਸਿਧੀ ਬਿਜਾਈ ਕਰਨ ਤੇ ਕਿਸਾਨਾਂ ਨੂੰ ਪ੍ਰਤੀ ਏਕੜ 1500 ਰੁਪਏ ਦੀ ਸਬਸਿਡੀ ਦਿੱਤੀ ਜਾਂਦੀ ਹੈ, ਸਬਸਿਡੀ ਅਪਲਾਈ ਕਰਨ ਦੀ ਆਖਿਰੀ ਮਿਤੀ 31 ਜੁਲਾਈ 2025 ਹੈ। ਇਸ ਲਈ ਕਿਸਾਨ ਖੇਤੀਬਾੜੀ ਵਿਭਾਗ ਦੀ ਵੈੱਬਸਾਈਟ https://agrimachinerypb.com/ ਤੇ ਆਨਲਾਈਨ ਅਪਲਾਈ ਕਰ ਸਕਦੇ ਹਨ।
ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਤਕਨੀਕ ਅਪਣਾਉਣ ਵਿੱਚ ਫਾਜ਼ਿਲਕਾ ਦੇ ਕਿਸਾਨ ਰਾਜ ਭਾਰ ਵਿੱਚੋਂ ਮੋਹਰੀ ਰਹੇ ਹਨ। ਸੂਬੇ ਦੇ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਦੀ ਅਪੀਲ ਕੀਤੀ ਗਈ ਸੀ ਤਾਂ ਜੋ ਪਾਣੀ ਦੀ ਬਚਤ ਹੋ ਸਕੇ। ਉਨਾਂ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਪ੍ਰਤੀ ਏਕੜ 1500 ਰੁਪਏ ਦੀ ਆਰਥਿਕ ਮਦਦ ਵੀ ਦਿੱਤੀ ਜਾ ਰਹੀ ਹੈ। ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਬਿਨਾਂ ਦੇਰੀ ਕਿਸਾਨ ਅਪਲਾਈ ਕਰਨ। ਉਹਨਾਂ ਕਿਹਾ ਕਿ ਜਿਹੜੇ ਵੀ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਕਰ ਰਹੇ ਹਨ ਉਹ ਪੋਰਟਲ ਤੇ ਅਪਲਾਈ ਜਰੂਰ ਕਰਨ ਕਿਉਂਕਿ ਪੋਰਟਲ ਤੇ ਅਪਲਾਈ ਕਰਨ ਵਾਲੇ ਕਿਸਾਨਾਂ ਨੂੰ ਹੀ ਸਬਸਿਡੀ ਦੀ ਰਕਮ ਮਿਲੇਗੀ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ
