
ਢਾਕਾ, 21 ਜੁਲਾਈ (ਹਿੰ.ਸ.)। ਬੰਗਲਾਦੇਸ਼ ਹਵਾਈ ਸੈਨਾ ਦਾ ਜੈੱਟ ਐਫ-7 ਸਿਖਲਾਈ ਜਹਾਜ਼ ਅੱਜ ਦੁਪਹਿਰ ਰਾਜਧਾਨੀ ਢਾਕਾ ਦੇ ਉੱਤਰਾ ਵਿੱਚ ਮਾਈਲਸਟੋਨ ਸਕੂਲ ਅਤੇ ਕਾਲਜ ਦੀ ਇਮਾਰਤ ਨਾਲ ਟਕਰਾ ਕੇ ਹਾਦਸਾਗ੍ਰਸਤ ਹੋ ਗਿਆ। ਫਾਇਰ ਸਰਵਿਸ ਅਤੇ ਸਿਵਲ ਡਿਫੈਂਸ ਨੇ ਘੱਟੋ-ਘੱਟ ਇੱਕ ਵਿਅਕਤੀ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਰਾਹਤ ਅਤੇ ਬਚਾਅ ਕਾਰਜ ਜਾਰੀ ਹਨ।
ਢਾਕਾ ਟ੍ਰਿਬਿਊਨ ਅਤੇ ਦ ਡੇਲੀ ਸਟਾਰ ਦੇ ਅਨੁਸਾਰ, ਫਾਇਰ ਸਰਵਿਸ ਕੰਟਰੋਲ ਰੂਮ ਡਿਊਟੀ ਅਫਸਰ ਲੀਮਾ ਖਾਨਮ ਨੇ ਕਿਹਾ ਕਿ ਸਾਨੂੰ ਦੁਪਹਿਰ 1:18 ਵਜੇ ਹਾਦਸੇ ਦੀ ਸੂਚਨਾ ਮਿਲੀ। ਕੁਝ ਖ਼ਬਰਾਂ ਵਿੱਚ ਹਾਦਸੇ ਦਾ ਸਮਾਂ ਦੁਪਹਿਰ 1:30 ਵਜੇ ਦੱਸਿਆ ਗਿਆ। ਉਤਰਾ, ਟੋਂਗੀ, ਪੱਲਬੀ, ਕੁਰਮੀਟੋਲਾ, ਮੀਰਪੁਰ ਅਤੇ ਪੂਰਵਾਂਚਲ ਫਾਇਰ ਸਰਵਿਸਿਜ਼ ਦੀਆਂ ਅੱਠ ਇਕਾਈਆਂ ਮੌਕੇ ‘ਤੇ ਹਨ।
ਉਤਰਾ ਡਿਵੀਜ਼ਨ ਦੇ ਡਿਪਟੀ ਪੁਲਿਸ ਕਮਿਸ਼ਨਰ ਮੋਹਿਦੁਲ ਇਸਲਾਮ ਨੇ ਹਾਦਸੇ ਦੀ ਪੁਸ਼ਟੀ ਕੀਤੀ। ਚਸ਼ਮਦੀਦਾਂ ਨੇ ਦੱਸਿਆ ਕਿ ਜਹਾਜ਼ ਨੇ ਇਮਾਰਤ ਨਾਲ ਟਕਰਾਉਂਦੇ ਹੀ ਜ਼ੋਰਦਾਰ ਧਮਾਕਾ ਕੀਤਾ, ਜਿਸ ਨਾਲ ਕੈਂਪਸ ਵਿੱਚ ਮੌਜੂਦ ਵਿਦਿਆਰਥੀਆਂ ਅਤੇ ਸਟਾਫ ਵਿੱਚ ਦਹਿਸ਼ਤ ਫੈਲ ਗਈ।
ਬੰਗਲਾਦੇਸ਼ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ ਦੇ ਅਨੁਸਾਰ, ਜਹਾਜ਼ ਨੇ ਹਜ਼ਰਤ ਸ਼ਾਹਜਲਾਲ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਦੁਪਹਿਰ 1:06 ਵਜੇ ਉਡਾਣ ਭਰੀ। ਇਸ ਤੋਂ ਥੋੜ੍ਹੀ ਦੇਰ ਬਾਅਦ ਇਹ ਹਾਦਸਾਗ੍ਰਸਤ ਹੋ ਗਿਆ। ਸਕੂਲ ਦੇ ਨੇੜੇ ਫ੍ਰੈਂਡਸ਼ਿਪ ਐਂਡ ਕੋਆਪਰੇਸ਼ਨ ਰਿਕਰੂਟਮੈਂਟ ਆਫਿਸ ਦੇ ਕਰਮਚਾਰੀ ਸਾਦਮਾਨ ਰੁਹਸਿਨ ਨੇ ਦੱਸਿਆ ਕਿ ਜਹਾਜ਼ ਸਕੂਲ ਦੀ ਇਮਾਰਤ ਨਾਲ ਟਕਰਾ ਗਿਆ। ਫੌਜ ਅਤੇ ਫਾਇਰ ਬ੍ਰਿਗੇਡ ਦੇ ਮੈਂਬਰਾਂ ਨੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ
