ਨਵੀਂ ਦਿੱਲੀ, 28 ਜੂਨ (ਹਿੰ.ਸ.)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸ਼ਨੀਵਾਰ ਨੂੰ ਰਾਸ਼ਟਰੀ ਰਾਜਧਾਨੀ ਦੇ ਵਿਗਿਆਨ ਭਵਨ ਵਿਖੇ ਆਯੋਜਿਤ ਸ਼ਾਨਦਾਰ ਸਮਾਰੋਹ ਦੌਰਾਨ ‘ਧਰਮ ਚੱਕਰਵਰਤੀ’ ਦੀ ਵੱਕਾਰੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ। ਇਹ ਸਮਾਰੋਹ ਜੈਨ ਸੰਤ ਆਚਾਰੀਆ ਵਿਦਿਆਨੰਦ ਮਹਾਰਾਜ ਦੀ 100ਵੀਂ ਜਯੰਤੀ ਮਨਾਉਣ ਲਈ ਆਯੋਜਿਤ ਕੀਤਾ ਗਿਆ ਸੀ। ਇਸ ਮੌਕੇ ‘ਤੇ ਪ੍ਰਧਾਨ ਮੰਤਰੀ ਮੋਦੀ ਨੇ ਜੈਨ ਭਾਈਚਾਰੇ ਅਤੇ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਹ ਦਿਨ ਭਾਰਤ ਦੀ ਅਧਿਆਤਮਿਕ ਚੇਤਨਾ ਲਈ ਮਹੱਤਵਪੂਰਨ ਪਲ ਹੈ।
ਪ੍ਰਧਾਨ ਮੰਤਰੀ ਨੇ ਜਿਵੇਂ ਹੀ ਆਪਣੇ ਭਾਸ਼ਣ ਵਿੱਚ ਕਿਹਾ, ਜੋ ਹਮੇਂ ਛੇੜੇਗਾ…, ਉਦੋਂ ਹੀ ਪੂਰਾ ਵਿਗਿਆਨ ਭਵਨ ਭਾਰਤ ਮਾਤਾ ਕੀ ਜੈ ਦੇ ਨਾਅਰਿਆਂ ਅਤੇ ਤਾੜੀਆਂ ਨਾਲ ਗੂੰਜ ਉੱਠਿਆ। ਮੋਦੀ ਨੇ ਮੁਸਕਰਾਉਂਦੇ ਹੋਏ ਕਿਹਾ, ਮੈਂ ਜੈਨੀਆਂ ਦੇ ਪ੍ਰੋਗਰਾਮ ਵਿੱਚ ਹਾਂ, ਅਹਿੰਸਾ ਵਿੱਚ ਵਿਸ਼ਵਾਸ ਰੱਖਣ ਵਾਲਿਆਂ ਵਿਚਕਾਰ ਹਾਂ। ਮੈਂ ਅਜੇ ਅੱਧਾ ਵਾਕ ਹੀ ਬੋਲਿਆ ਸੀ, ਤੁਸੀਂ ਪੂਰਾ ਕਰ ਦਿੱਤਾ। ਅਜਿਹਾ ਲੱਗਦਾ ਹੈ ਕਿ ਤੁਸੀਂ ‘ਆਪ੍ਰੇਸ਼ਨ ਸਿੰਦੂਰ’ ਨੂੰ ਆਸ਼ੀਰਵਾਦ ਦੇ ਰਹੇ ਸੀ।ਇਸ ਤੋਂ ਪਹਿਲਾਂ, ਪ੍ਰਧਾਨ ਮੰਤਰੀ ਨੇ ਆਚਾਰੀਆ ਵਿਦਿਆਨੰਦ ਮਹਾਰਾਜ ਦੇ ਸ਼ਤਾਬਦੀ ਸਾਲ ਸਮਾਰੋਹ ਦਾ ਰਸਮੀ ਉਦਘਾਟਨ ਕੀਤਾ, ਜੋ ਕਿ ਭਾਰਤ ਸਰਕਾਰ ਅਤੇ ਭਗਵਾਨ ਮਹਾਵੀਰ ਅਹਿੰਸਾ ਭਾਰਤੀ ਟਰੱਸਟ ਦੇ ਸਾਂਝੇ ਪ੍ਰਬੰਧ ਹੇਠ ਸਾਲ ਭਰ ਮਨਾਇਆ ਜਾਵੇਗਾ।ਆਪਣੇ ਸੰਬੋਧਨ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ, ਆਚਾਰੀਆ ਵਿਦਿਆਨੰਦ ਮੁਨੀਰਾਜ ਦੀ ਜਨਮ ਸ਼ਤਾਬਦੀ ਦਾ ਇਹ ਸ਼ੁਭ ਤਿਉਹਾਰ, ਉਨ੍ਹਾਂ ਦੀਆਂ ਅਮਰ ਪ੍ਰੇਰਨਾਵਾਂ ਨਾਲ ਭਰਪੂਰ ਇਹ ਸਮਾਗਮ ਸਾਨੂੰ ਸਾਰਿਆਂ ਨੂੰ ਡੂੰਘੀ ਅਧਿਆਤਮਿਕ ਭਾਵਨਾ ਨਾਲ ਜੋੜਦਾ ਹੈ। 28 ਜੂਨ ਦੀ ਇਹ ਤਾਰੀਖ ਇਸ ਲਈ ਵੀ ਖਾਸ ਹੈ ਕਿਉਂਕਿ 1987 ਵਿੱਚ ਇਸ ਦਿਨ, ਆਚਾਰੀਆ ਵਿਦਿਆਨੰਦ ਨੂੰ ਆਚਾਰੀਆ ਦੀ ਉਪਾਧੀ ਪ੍ਰਾਪਤ ਹੋਈ ਸੀ। ਇਹ ਸਿਰਫ਼ ਇੱਕ ਸਨਮਾਨ ਨਹੀਂ ਸੀ, ਸਗੋਂ ਸੰਜਮ, ਵਿਚਾਰ ਅਤੇ ਦਇਆ ਨਾਲ ਸਬੰਧਤ ਇੱਕ ਪਵਿੱਤਰ ਪਰੰਪਰਾ ਦੀ ਸ਼ੁਰੂਆਤ ਸੀ।
‘ਧਰਮ ਚੱਕਰਵਰਤੀ’ ਦੀ ਉਪਾਧੀ ਸਵੀਕਾਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, ਮੈਂ ਆਪਣੇ ਆਪ ਨੂੰ ਇਸ ਉਪਾਧੀ ਦੇ ਯੋਗ ਨਹੀਂ ਸਮਝਦਾ ਪਰ ਇਹ ਸਾਡੀ ਪਰੰਪਰਾ ਹੈ ਕਿ ਸੰਤਾਂ ਤੋਂ ਜੋ ਵੀ ਪ੍ਰਾਪਤ ਹੁੰਦਾ ਹੈ, ਉਸਨੂੰ ਪ੍ਰਸ਼ਾਦ ਵਜੋਂ ਸਵੀਕਾਰ ਕੀਤਾ ਜਾਂਦਾ ਹੈ। ਮੈਂ ਇਸਨੂੰ ਨਿਮਰਤਾ ਨਾਲ ਸਵੀਕਾਰ ਕਰਦਾ ਹਾਂ ਅਤੇ ਭਾਰਤ ਮਾਤਾ ਦੇ ਚਰਨਾਂ ਵਿੱਚ ਭੇਟ ਕਰਦਾ ਹਾਂ।ਪ੍ਰਧਾਨ ਮੰਤਰੀ ਨੇ ‘ਨਵਕਾਰ ਮਹਾਮੰਤਰ ਦਿਵਸ’ ‘ਤੇ ਲਏ ਗਏ ਨੌਂ ਸੰਕਲਪਾਂ ਨੂੰ ਵੀ ਯਾਦ ਕਰਵਾਇਆ – ਜਿਨ੍ਹਾਂ ਵਿੱਚ ਪਾਣੀ ਦੀ ਸੰਭਾਲ, ਏਕ ਪੇਡ ਮਾਂ ਕੇ ਨਾਮ, ਸਫਾਈ, ਵੋਕਲ ਫਾਰ ਲੋਕਲ, ਕੁਦਰਤੀ ਖੇਤੀ, ਯੋਗਾ, ਖੇਡਾਂ, ਗਰੀਬੀ ਹਟਾਉਣਾ ਅਤੇ ਭਾਰਤੀ ਦਰਸ਼ਨ ਨੂੰ ਅਪਣਾਉਣਾ ਵਰਗੇ ਸੰਕਲਪ ਸ਼ਾਮਲ ਹਨ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ
