ਗੁਰਦਾਸਪੁਰ । ਪੰਜਾਬੀ ਸਾਹਿਤ ਸਭਾ, ਗੁਰਦਾਸਪੁਰ ਵਲੋਂ ਸਥਾਨਕ ਗੋਲਡਨ ਗਰੁੱਪ ਆਫ਼ ਇੰਸਟੀਚੂਸ਼ਨਜ਼ ’ਚ ਗ਼ਜ਼ਲਗੋ ਸੁਭਾਸ਼ ਦੀਵਾਨਾ ਦੀ ਪੁਸਤਕ ‘ਖੁਸ਼ਬੂ ਕਲਾਮ ਦੀ’ ਦਾ ਲੋਕ ਅਰਪਣ ਅਤੇ ਕਵੀ ਦਰਬਾਰ ਕਰਵਾਇਆ ਗਿਆ। ਸਭ ਤੋਂ ਪਹਿਲਾਂ ਸਭਾ ਦੇ ਪ੍ਰਧਾਨ ਤਰਸੇਮ ਸਿੰਘ ਭੰਗੂ ਨੇ ਆਏ ਸਾਹਿਤਕਾਰਾਂ ਨੂੰ ਜੀ ਆਇਆਂ ਆਖਿਆ। ਪੁਸਤਕ ਉੱਤੇ ਸੀਤਲ ਸਿੰਘ ਗੁੰਨੋਪੁਰੀ ਵੱਲੋਂ ਭਾਵਪੂਰਤ ਪਰਚਾ ਪੜ੍ਹਿਆ ਗਿਆ।
ਗੁਰਦਾਸਪੁਰ ਦੇ ਸਥਾਪਤ ਗ਼ਜ਼ਲਗੋ ਪਾਲ ਗੁਰਦਾਸਪੁਰੀ, ਡਾ ਲੇਖ ਰਾਜ, ਸੁਲੱਖਣ ਸਰਹੱਦੀ ਅਤੇ ਡਾ. ਸੁਰਿੰਦਰ ਸ਼ਾਂਤ ਨੇ ਵਿਚਾਰ ਚਰਚਾ ਵਿੱਚ ਹਿੱਸਾ ਲੈਂਦਿਆਂ ਸੁਭਾਸ਼ ਦੀਵਾਨਾ ਨੂੰ ਵਿਅੰਗ ਗ਼ਜ਼ਲਕਾਰ ਦਾ ਰੁਤਬਾ ਦਿੱਤਾ। ਸੁਭਾਸ਼ ਦੀਵਾਨਾ ਨੇ ਪਰਚੇ ‘ਤੇ ਆਈਆਂ ਟਿੱਪਣੀਆਂ ਦਾ ਜੁਆਬ ਦਿੱਤਾ। ਰਚਨਾਵਾਂ ਦੇ ਦੌਰ ਵਿੱਚ ਵਿਜੇ ਅਗਨੀਹੋਤਰੀ ਨੇ ਆਪਣੇ ਗੀਤ ਵਿਚ ਅਗਾਮੀ ਚੋਣਾਂ ‘ਤੇ ਵਿਅੰਗ ਕੱਸਿਆ। ਸਟੇਜ ਦੀ ਕਾਰਵਾਈ ਪ੍ਰਤਾਪ ਪਾਰਸ ਨੇ ਬਾਖੂਬੀ ਚਲਾਉਂਦਿਆਂ ਸ਼ੇਅਰਾਂ ਅਤੇ ਟੱਪਿਆਂ ਨਾਲ ਰੰਗ ਬੰਨ੍ਹਿਆ । ਅਖੀਰ ਵਿਚ ਸਭਾ ਦੇ ਸੀਨੀਅਰ ਮੈਂਬਰ ਪ੍ਰੋ ਰਾਜ ਕੁਮਾਰ ਨੇ ਸਮੁੱਚੇ ਪ੍ਰੋਗਰਾਮ ਦੀ ਕਾਰਵਾਈ ‘ਤੇ ਸੰਤੁਸ਼ਟੀ ਦਾ ਇਜ਼ਹਾਰ ਕਰਦਿਆਂ ਆਏ ਸਾਹਿਤਕਾਰਾਂ ਦਾ ਧੰਨਵਾਦ ਕੀਤਾ।
