ਮੁੰਬਈ, 15 ਅਪ੍ਰੈਲ । ਭਾਰਤ ਅਤੇ ਮੁੰਬਈ ਇੰਡੀਅਨਜ਼ (ਐਮਆਈ) ਦੇ ਸਟਾਰ ਬੱਲੇਬਾਜ਼ ਰੋਹਿਤ ਸ਼ਰਮਾ ਟੀ-20 ਕ੍ਰਿਕਟ ‘ਚ 500 ਛੱਕੇ ਲਗਾਉਣ ਵਾਲੇ ਪਹਿਲੇ ਭਾਰਤੀ ਬਣ ਗਏ ਹਨ। ਰੋਹਿਤ ਨੇ ਐਤਵਾਰ ਨੂੰ ਵਾਨਖੇੜੇ ਸਟੇਡੀਅਮ ‘ਚ ਚੇਨਈ ਸੁਪਰ ਕਿੰਗਜ਼ (ਸੀਐਸਕੇ) ਖਿਲਾਫ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਮੈਚ ਦੌਰਾਨ ਇਹ ਉਪਲਬਧੀ ਹਾਸਲ ਕੀਤੀ।
ਰੋਹਿਤ ਨੇ ਮੈਚ ਵਿੱਚ ਆਪਣਾ ਸਰਵੋਤਮ ਪ੍ਰਦਰਸ਼ਨ ਕੀਤਾ ਅਤੇ 63 ਗੇਂਦਾਂ ਵਿੱਚ 105* ਦੌੜਾਂ ਬਣਾਈਆਂ। ਉਨ੍ਹਾਂ ਦੀ ਪਾਰੀ ਵਿੱਚ 11 ਚੌਕੇ ਅਤੇ ਪੰਜ ਛੱਕੇ ਸ਼ਾਮਲ ਸਨ। ਮੁੰਬਈ ਇੰਡੀਅਨਜ਼ ਦੇ ਸਾਬਕਾ ਕਪਤਾਨ ਨੇ 166.67 ਦੀ ਸਟ੍ਰਾਈਕ ਰੇਟ ਨਾਲ ਇਹ ਦੌੜਾਂ ਬਣਾਈਆਂ। ਮੈਚ ‘ਚ 5 ਛੱਕੇ ਲਗਾਉਣ ਨਾਲ ਰੋਹਿਤ ਦੇ ਨਾਮ ਟੀ-20 ਕ੍ਰਿਕਟ ‘ਚ 502 ਛੱਕੇ ਹੋ ਗਏ ਹਨ।
ਟੀ-20 ਕ੍ਰਿਕੇਟ ਵਿੱਚ ਸਭ ਤੋਂ ਵੱਧ ਛੱਕੇ ਵੈਸਟਇੰਡੀਜ਼ ਦੇ ਦਿੱਗਜ ਖਿਡਾਰੀ ਕ੍ਰਿਸ ਗੇਲ (1,056 ਛੱਕੇ), ਉਨ੍ਹਾਂ ਤੋਂ ਬਾਅਦ ਵੈਸਟਇੰਡੀਜ਼ ਦੇ ਆਲਰਾਊਂਡਰ ਕੀਰੋਨ ਪੋਲਾਰਡ (860 ਛੱਕੇ), ਆਂਦਰੇ ਰਸੇਲ (678 ਛੱਕੇ) ਅਤੇ ਕੋਲਿਨ ਮੁਨਰੋ (548 ਛੱਕੇ) ਹਨ।
ਰੋਹਿਤ ਨੇ ਇਸ ਆਈਪੀਐਲ ਸੀਜ਼ਨ ਦੇ ਛੇ ਮੈਚਾਂ ਵਿੱਚ 52.20 ਦੀ ਔਸਤ ਅਤੇ ਇੱਕ ਸੈਂਕੜੇ ਦੇ ਨਾਲ 167 ਦੇ ਸਟ੍ਰਾਈਕ ਰੇਟ ਨਾਲ 261 ਦੌੜਾਂ ਬਣਾਈਆਂ ਹਨ। ਮੈਚ ਦੀ ਗੱਲ ਕਰੀਏ ਤਾਂ ਮੁੰਬਈ ਨੇ ਟਾਸ ਜਿੱਤ ਕੇ ਸੀਐਸਕੇ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਮੌਕਾ ਦਿੱਤਾ।
ਅਜਿੰਕਿਆ ਰਹਾਣੇ (5) ਅਤੇ ਰਚਿਨ ਰਵਿੰਦਰਾ (16 ਗੇਂਦਾਂ ‘ਤੇ 21 ਦੌੜਾਂ, ਦੋ ਚੌਕੇ ਅਤੇ ਇਕ ਛੱਕਾ) ਜ਼ਿਆਦਾ ਪ੍ਰਭਾਵ ਨਹੀਂ ਬਣਾ ਸਕੇ, ਹਾਲਾਂਕਿ ਕਪਤਾਨ ਰੁਤੁਰਾਜ ਗਾਇਕਵਾੜ (40 ਗੇਂਦਾਂ ‘ਤੇ 69 ਦੌੜਾਂ, ਪੰਜ ਚੌਕੇ ਅਤੇ ਪੰਜ ਛੱਕੇ) ਅਤੇ ਸ਼ਿਵਮ ਦੁਬੇ (38 ਗੇਂਦਾਂ ‘ਤੇ ਨਾਬਾਦ 66 ਦੌੜਾਂ, 10 ਚੌਕੇ ਅਤੇ ਦੋ ਛੱਕੇ) ਅਤੇ ਆਖਰੀ ਓਵਰਾਂ ‘ਚ ਐੱਮ.ਐੱਸ. ਧੋਨੀ (ਚਾਰ ਗੇਂਦਾਂ ‘ਤੇ ਅਜੇਤੂ 20, ਤਿੰਨ ਛੱਕੇ) ਦੀ ਵਿਸਫੋਟਕ ਪਾਰੀ ਦੀ ਬਦੌਲਤ ਸੀਐੱਸਕੇ ਨੇ 4 ਵਿਕਟਾਂ ‘ਤੇ 206 ਦੌੜਾਂ ਬਣਾਈਆਂ। ਓਵਰ ਮੁੰਬਈ ਲਈ ਹਾਰਦਿਕ ਪੰਡਯਾ ਨੇ 2, ਸ਼੍ਰੇਅਸ ਗੋਪਾਲ ਅਤੇ ਗੇਰਾਲਡ ਕੋਏਟਜ਼ੀ ਨੇ ਇਕ-ਇਕ ਵਿਕਟ ਲਈ।
ਟੀਚੇ ਦਾ ਪਿੱਛਾ ਕਰਨ ਉਤਰੀ ਮੁੰਬਈ ਦੀ ਟੀਮ ਨੇ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਇਸ਼ਾਨ ਕਿਸ਼ਨ (15 ਗੇਂਦਾਂ ‘ਤੇ 23 ਦੌੜਾਂ, ਤਿੰਨ ਚੌਕੇ, ਇਕ ਛੱਕਾ) ਅਤੇ ਰੋਹਿਤ ਸ਼ਰਮਾ ਨੇ ਪਹਿਲੀ ਵਿਕਟ ਲਈ 70 ਦੌੜਾਂ ਜੋੜੀਆਂ। ਰੋਹਿਤ ਆਪਣਾ ਦੂਜਾ ਆਈ.ਪੀ.ਐੱਲ. ਸੈਂਕੜਾ ਲਗਾਉਣ ‘ਚ ਸਫਲ ਰਹੇ, ਪਰ ਤਿਲਕ ਵਰਮਾ (31 ਦੌੜਾਂ) ਤੋਂ ਇਲਾਵਾ ਰੋਹਿਤ ਨੂੰ ਕਿਸੇ ਹੋਰ ਬੱਲੇਬਾਜ਼ ਦਾ ਸਾਥ ਨਹੀਂ ਮਿਲਿਆ ਅਤੇ ਮੁੰਬਈ ਦੀ ਟੀਮ 20 ਓਵਰਾਂ ‘ਚ 6 ਵਿਕਟਾਂ ‘ਤੇ 186 ਦੌੜਾਂ ਹੀ ਬਣਾ ਸਕੀ ਅਤੇ ਮੈਚ 20 ਦੌੜਾਂ ਨਾਲ ਹਾਰ ਗਈ।
ਸੀਐਸਕੇ ਲਈ ਮਤਿਸ਼ਾ ਪਥੀਰਾਨਾ (4/28) ਸਭ ਤੋਂ ਵਧੀਆ ਗੇਂਦਬਾਜ਼ ਰਹੇ। ਮੁਸਤਫਿਜ਼ੁਰ ਰਹਿਮਾਨ ਅਤੇ ਤੁਸ਼ਾਰ ਦੇਸ਼ਪਾਂਡੇ ਨੂੰ ਵੀ 1-1 ਵਿਕਟ ਮਿਲੀ।
