ਜੰਮੂ, 14 ਅਪ੍ਰੈਲ : ਸੁਰੱਖਿਆ ਬਲਾਂ ਨੇ ਸ਼ਨੀਵਾਰ ਨੂੰ ਜੰਮੂ ਡਿਵੀਜ਼ਨ ਦੇ ਰਿਆਸੀ ਜ਼ਿਲ੍ਹੇ ਵਿੱਚ ਇੱਕ ਅੱਤਵਾਦੀ ਟਿਕਾਣੇ ਦਾ ਪਰਦਾਫਾਸ਼ ਕੀਤਾ ਹੈ। ਇੱਥੋਂ ਇਮਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈਈਡੀ) ਅਤੇ ਵਿਸਫੋਟਕਾਂ ਦੇ ਨਾਲ ਹਥਿਆਰ ਅਤੇ ਗੋਲਾ ਬਾਰੂਦ ਦਾ ਭੰਡਾਰ ਬਰਾਮਦ ਕੀਤਾ ਗਿਆ ਹੈ।
ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਮਾਹੋਰ ਖੇਤਰ ਵਿੱਚ ਇੱਕ ਟਿਕਾਣੇ ਦੀ ਮੌਜੂਦਗੀ ਦੀ ਭਰੋਸੇਯੋਗ ਸੂਚਨਾ ‘ਤੇ ਕਾਰਵਾਈ ਕਰਦੇ ਹੋਏ, ਪੁਲਿਸ ਅਤੇ ਸੈਨਾ ਦੁਆਰਾ ਮਾਹੋਰ ਦੇ ਲਾਂਚਾ ਖੇਤਰ ਵਿੱਚ ਇੱਕ ਸੰਯੁਕਤ ਤਲਾਸ਼ੀ ਮੁਹਿੰਮ ਚਲਾਈ ਗਈ। ਤਲਾਸ਼ੀ ਅਤੇ ਘੇਰਾਬੰਦੀ ਮੁਹਿੰਮ ਦੌਰਾਨ, ਸੁਰੱਖਿਆ ਬਲਾਂ ਨੇ ਲਾਂਚਾ ਖੇਤਰ ਵਿੱਚ ਇੱਕ ਅੱਤਵਾਦੀ ਟਿਕਾਣੇ ਦਾ ਪਤਾ ਲਗਾਇਆ ਅਤੇ ਮੌਕੇ ਤੋਂ ਹਥਿਆਰਾਂ ਅਤੇ ਗੋਲਾ ਬਾਰੂਦ ਦਾ ਵੱਡਾ ਭੰਡਾਰ ਬਰਾਮਦ ਕੀਤਾ ਹੈ।
ਬਰਾਮਦਗੀ ਵਿੱਚ ਦੋ ਇਲੈਕਟ੍ਰਿਕ ਡੈਟੋਨੇਟਰਾਂ ਦੇ ਨਾਲ ਇੱਕ ਟਿਫਿਨ ਆਈਈਡੀ, ਦੋ ਪਿਸਤੌਲ, ਦੋ ਮੈਗਜ਼ੀਨ, ਪਿਸਤੌਲ ਦੇ 19 ਰਾਉਂਡ, 400 ਗ੍ਰਾਮ ਵਿਸਫੋਟਕ ਪਾਊਡਰ, 40 ਰਾਊਂਡ ਏਕੇ 47, ਕੰਟਰੋਲ ਰੇਖਾ ਦੀਆਂ ਚਾਰ ਤਸਵੀਰਾਂ, ਸਿਕਸਰ ਪਿਸਤੌਲ ਦੇ ਪੰਜ ਰਾਉਂਡ, ਇੱਕ ਇਲੈਕਟ੍ਰਿਕ ਡੈਟੋਨੇਟਰ, ਛੇ (9 ਵੋਲਟ) ਡੀਸੀ ਬੈਟਰੀ, ਦੋ ਲਿਥੀਅਮ ਆਇਨ 12 ਵੋਲਟ ਬੈਟਰੀਆਂ, 40 ਮੀਟਰ ਬਿਜਲੀ ਦੀਆਂ ਤਾਰਾਂ ਦੇ ਦੋ ਬੰਡਲ, 5 ਮੀਟਰ ਪਲਾਸਟਿਕ ਦੀ ਰੱਸੀ, ਇੱਕ ਸਟੀਲ ਪਲੇਟ, ਸਟੀਲ ਗਲਾਸ, ਇੱਕ ਬੈਗ ਅਤੇ ਤਿੰਨ ਫਟੇ ਹੋਏ ਬੈੱਡਸ਼ੀਟਾਂ ਮਿਲੀਆਂ ਹਨ।
ਰਿਆਸੀ ਦੇ ਸੀਨੀਅਰ ਪੁਲਿਸ ਕਪਤਾਨ ਮੋਹਿਤਾ ਸ਼ਰਮਾ ਅਨੁਸਾਰ ਖ਼ਬਰ ਲਿਖੇ ਜਾਣ ਤੱਕ ਮਾਹੋਰ ਇਲਾਕੇ ‘ਚ ਫ਼ੌਜ ਨਾਲ ਸਾਂਝੀ ਮੁਹਿੰਮ ਚੱਲ ਰਹੀ ਹੈ ਅਤੇ ਰਿਆਸੀ ‘ਚ ਸੁਰੱਖਿਆ ਬਲ ਦੇਸ਼ ਵਿਰੋਧੀ ਅਨਸਰਾਂ ਦੇ ਕਿਸੇ ਵੀ ਨਾਪਾਕ ਇਰਾਦਿਆਂ ਨੂੰ ਨਾਕਾਮ ਕਰਨ ਲਈ ਵਚਨਬੱਧ ਹਨ।
