ਨਵੀਂ ਦਿੱਲੀ। ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ (ਐਮਐਸਆਈ) ਨੇ ਆਪਣੇ ਮਾਨੇਸਰ ਪਲਾਂਟ ਦੀ ਉਤਪਾਦਨ ਸਮਰੱਥਾ ਨੂੰ ਪ੍ਰਤੀ ਸਾਲ ਇੱਕ ਲੱਖ ਯੂਨਿਟ ਵਧਾ ਦਿੱਤਾ ਹੈ। ਮਾਰੂਤੀ ਨੇ ਮਾਨੇਸਰ, ਹਰਿਆਣਾ ਵਿੱਚ ਤਿੰਨ ਨਿਰਮਾਣ ਪਲਾਂਟਾਂ ਵਿੱਚੋਂ ਇੱਕ ਮੌਜੂਦਾ ਪਲਾਂਟ-ਏ ਵਿੱਚ ਇੱਕ ਵਾਹਨ ‘ਅਸੈਂਬਲੀ ਲਾਈਨ’ ਜੋੜਿਆ ਹੈ। ਕੰਪਨੀ ਨੇ ਇਸ ਮੌਕੇ ਅਰਟਿਗਾ ਨੂੰ ਲਾਂਚ ਕੀਤਾ।
ਮਾਰੂਤੀ ਨੇ ਮੰਗਲਵਾਰ ਨੂੰ ਇੱਕ ਬਿਆਨ ਵਿੱਚ ਦੱਸਿਆ ਕਿ ਕੰਪਨੀ ਨੇ ਹਰਿਆਣਾ ਦੇ ਮਾਨੇਸਰ ਵਿੱਚ ਸਥਿਤ ਪਲਾਂਟ ਦੀ ਨਵੀਂ ਅਸੈਂਬਲੀ ਲਾਈਨ ਵਿੱਚ ਅਰਟਿਗਾ ਨੂੰ ਲਾਂਚ ਕੀਤਾ। ਕੰਪਨੀ ਨੇ ਤਿੰਨ ਨਿਰਮਾਣ ਪਲਾਂਟਾਂ ਵਿੱਚੋਂ ਮੌਜੂਦਾ ਪਲਾਂਟ-ਏ ਵਿੱਚ ਵਾਹਨ ਅਸੈਂਬਲੀ ਲਾਈਨ ਜੋੜ ਦਿੱਤੀ ਗਈ ਹੈ। ਮਾਰੂਤੀ ਮੁਤਾਬਕ ਨਵੀਂ ‘ਅਸੈਂਬਲੀ ਲਾਈਨ’ ‘ਚ ਪ੍ਰਤੀ ਸਾਲ ਇਕ ਲੱਖ ਯੂਨਿਟ ਬਣਾਉਣ ਦੀ ਸਮਰੱਥਾ ਹੈ। ਇਸ ਨਾਲ ਮਾਨੇਸਰ ਵਿੱਚ ਵਾਹਨਾਂ ਦੀ ਉਤਪਾਦਨ ਸਮਰੱਥਾ 9 ਲੱਖ ਪ੍ਰਤੀ ਸਾਲ ਤੱਕ ਵੱਧ ਜਾਵੇਗੀ।
ਐਮਐਸਆਈ ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਹਿਸਾਸ਼ੀ ਤੇਕੁਚੀ ਨੇ ਕਿਹਾ ਕਿ ਸਾਡਾ ਟੀਚਾ ਅਗਲੇ ਸੱਤ-ਅੱਠ ਸਾਲਾਂ ਵਿੱਚ ਆਪਣੀ ਸਮਰੱਥਾ ਨੂੰ ਲਗਭਗ ਦੁਗਣਾ ਕਰਕੇ 40 ਲੱਖ ਵਾਹਨ ਪ੍ਰਤੀ ਸਾਲ ਕਰਨਾ ਹੈ। ਉਨ੍ਹਾਂ ਕਿਹਾ ਕਿ ਪ੍ਰਤੀ ਸਾਲ ਇੱਕ ਲੱਖ ਵਾਹਨਾਂ ਦੀ ਸਮਰੱਥਾ ਵਿੱਚ ਇਹ ਵਾਧਾ ਇਸ ਟੀਚੇ ਵੱਲ ਇੱਕ ਕਦਮ ਹੈ।
