ਬੀਜਿੰਗ, 08 ਅਪ੍ਰੈਲ । ਕਜ਼ਾਕਿਸਤਾਨ ਨੇ ਐਤਵਾਰ ਨੂੰ ਇੱਥੇ ਚੱਲ ਰਹੇ ਆਰਟਿਸਟਿਕ ਤੈਰਾਕੀ ਵਿਸ਼ਵ ਕੱਪ ਵਿੱਚ ਟੀਮ ਐਕਰੋਬੈਟਿਕ ਦਾ ਖਿਤਾਬ ਜਿੱਤਿਆ, ਜਦਕਿ ਇਜ਼ਰਾਈਲ ਨੇ ਮਹਿਲਾ ਡਬਲਜ਼ ਵਿੱਚ ਸੋਨ ਤਗ਼ਮਾ ਆਪਣੇ ਨਾਮ ਕੀਤਾ। ਚੀਨ ਕਜ਼ਾਕਿਸਤਾਨ ਤੋਂ 8.7501 ਅੰਕ ਪਿੱਛੇ ਰਹਿ ਕੇ ਟੀਮ ਐਕਰੋਬੈਟਿਕ ਵਿਚ ਦੂਜੇ ਸਥਾਨ ‘ਤੇ ਰਿਹਾ, ਜਦਕਿ ਆਸਟ੍ਰੇਲੀਆ ਨੇ ਕਾਂਸੀ ਦਾ ਤਗਮਾ ਜਿੱਤਿਆ।
ਮਹਿਲਾ ਡਬਲਜ਼ ਫਰੀ ਵਿੱਚ, ਇਜ਼ਰਾਈਲ ਦੀ ਸ਼ੈਲੀ ਬੋਬ੍ਰਿਟਸਕੀ ਅਤੇ ਏਰੀਅਲ ਨਾਸੀ ਨੇ ਚੀਨ ਦੀ ਚਾਂਦੀ ਦਾ ਤਗਮਾ ਜੇਤੂ ਲਿਨ ਯਾਨਹਾਨ ਅਤੇ ਜ਼ੂ ਹੁਈਆਨ ਤੋਂ 4.7457 ਅੰਕਾਂ ਨਾਲ ਅੱਗੇ ਰਹਿ ਕੇ ਸੋਨਾ ਜਿੱਤਿਆ, ਜਦੋਂ ਕਿ ਮੈਕਸੀਕੋ ਨੇ ਕਾਂਸੀ ਦਾ ਤਗ਼ਮਾ ਜਿੱਤਿਆ। ਇਟਲੀ ਨੇ ਮਿਕਸਡ ਡਬਲਜ਼ ਫ੍ਰੀ ਖਿਤਾਬ ‘ਤੇ ਕਬਜ਼ਾ ਕੀਤਾ, ਜਦਕਿ ਕਜ਼ਾਕਿਸਤਾਨ ਅਤੇ ਸਪੇਨ ਨੇ ਕ੍ਰਮਵਾਰ ਚਾਂਦੀ ਅਤੇ ਕਾਂਸੀ ਦਾ ਤਗਮਾ ਜਿੱਤਿਆ।
ਦੱਸ ਦੇਈਏ ਕਿ ਤਿੰਨ ਦਿਨ੍ਹਾਂ ਵਿਸ਼ਵ ਕੱਪ ਐਤਵਾਰ ਨੂੰ ਖਤਮ ਹੋਇਆ। ਚੀਨ ਛੇ ਸੋਨ ਤਗਮਿਆਂ ਨਾਲ ਤਮਗਾ ਸੂਚੀ ਵਿੱਚ ਸਿਖਰ ’ਤੇ ਰਿਹਾ। ਮੇਜ਼ਬਾਨ ਰਾਸ਼ਟਰ ਨੇ ਸਾਰੇ 11 ਈਵੈਂਟਾਂ ਵਿੱਚ ਹਿੱਸਾ ਲਿਆ, ਇਸਦੇ ਚੋਟੀ ਦੇ ਤੈਰਾਕਾਂ ਨੇ ਟੀਮ ਫਰੀ ’ਤੇ ਧਿਆਨ ਕੇਂਦਰਿਤ ਕੀਤਾ ਅਤੇ ਦੂਜੇ ਦਰਜੇ ਦੇ ਐਥਲੀਟਾਂ ਨੇ ਹੋਰ 10 ਈਵੈਂਟਾਂ ਵਿੱਚ ਮੁਕਾਬਲਾ ਕੀਤਾ।
ਆਰਟਿਸਟਿਕ ਤੈਰਾਕੀ ਵਿਸ਼ਵ ਕੱਪ 2024 ਲੜੀ ਵਿੱਚ ਚਾਰ ਪੜਾਅ ਹਨ। ਬੀਜਿੰਗ ਪੜਾਅ ਪਹਿਲਾ ਗੇੜ ਸੀ, ਉਸ ਤੋਂ ਬਾਅਦ 3 ਤੋਂ 5 ਮਈ ਤੱਕ ਪੈਰਿਸ ਵਿੱਚ ਦੂਜਾ ਗੇੜ, 31 ਮਈ ਤੋਂ 2 ਜੂਨ ਤੱਕ ਕੈਨੇਡਾ ਦੇ ਮਾਰਖਮ ਵਿੱਚ ਤੀਜਾ ਅਤੇ 5 ਤੋਂ 7 ਜੁਲਾਈ ਤੱਕ ਬੁਡਾਪੇਸਟ, ਹੰਗਰੀ ਵਿੱਚ ਚੌਥਾ ਅਤੇ ਆਖਰੀ ਪੜਾਅ ਆਯੋਜਿਤ ਕੀਤਾ ਜਾਵੇਗਾ।
