ਸਮਰਾਲਾ, 05 ਅਪ੍ਰੈਲ । ਸਿਵਲ ਸਰਜਨ ਲੁਧਿਆਣਾ ਡਾ. ਜਸਬੀਰ ਸਿੰਘ ਔਲਖ ਦੀਆਂ ਹਦਾਇਤਾਂ ਅਤੇ ਡਾ. ਰਵੀ ਦੱਤ ਐੱਸ. ਐੱਮ. ਓ. ਮਾਨੂੰਪਰ ਦੀ ਅਗਵਾਈ ਵਿੱਚ ਅੱਜ ਸੀ. ਐੱਚ. ਸੀ. ਮਾਨੂੰਪੁਰ ਵਿਖੇ ਬੱਚਿਆਂ ਦੇ ਟੀਕਾਕਰਣ ਦੀ ਮਹੱਤਤਾ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਬੀ.ਈ.ਈ. ਗੁਰਦੀਪ ਸਿੰਘ ਨੇ ਕਿਹਾ ਕਿ ਟੀਕਾਕਰਨ ਬੱਚਿਆਂ ਦੀ ਰੋਗਾਂ ਨਾਲ ਲੜ੍ਹਨ ਦੀ ਸ਼ਕਤੀ ਨੂੰ ਵਧਾਉਂਦਾ ਹੈ ਅਤੇ ਬੱਚਿਆਂ ਨੂੰ ਬਿਮਾਰੀਆ ਤੋਂ ਬਚਾਉਂਦਾ ਹੈ। ਇਸ ਲਈ ਹਰ ਬੱਚੇ ਦਾ ਸ਼ਡਿਊਲ ਅਨੁਸਾਰ ਟੀਕਾਕਰਣ ਕਰਵਾਉਣਾ ਜ਼ਰੂਰੀ ਹੈ।
ਉਨ੍ਹਾਂ ਦੱਸਿਆ ਕਿ ਸਿਹਤ ਤੇ ਤੰਦਰੁਸਤੀ ਕੇਂਦਰਾਂ ਅਧੀਨ ਪੈਂਦੇ ਏਰੀਏ ਵਿੱਚ ਹਰ ਬੁੱਧਵਾਰ ਨੂੰ ਟੀਕਾਕਰਨ ਸੈਸ਼ਨ ਲਗਾਏ ਜਾਂਦੇ ਹਨ ਅਤੇ ਸ਼ਡਿਊਲ ਅਨੁਸਾਰ ਬੱਚਿਆਂ ਦਾ ਮੁਫਤ ਟੀਕਾਕਰਨ ਕੀਤਾ ਜਾਂਦਾ ਹੈ। ਇਸਦੇ ਨਾਲ ਬੱਚਿਆਂ ਦਾ ਟੀਕਾਕਰਣ ਕਾਰਡ ਵੀ ਬਣਾਇਆ ਜਾਂਦਾ ਹੈ। ਜਿਸ ਵਿੱਚ ਨਾ ਸਿਰਫ ਬੱਚੇ ਦੇ ਟੀਕਾਕਰਣ ਦਾ ਰਿਕਾਰਡ ਹੁੰਦਾ ਹੈ ਸਗੋਂ ਭਵਿੱਖ ਵਿੱਚ ਬੱਚੇ ਦੇ ਸ਼ਡਿਊਲ ਅਨੁਸਾਰ ਹੋਣ ਵਾਲੇ ਟੀਕਾਕਰਣ ਸਬੰਧੀ ਵੀ ਜਾਣਕਾਰੀ ਦਿੱਤੀ ਹੁੰਦੀ ਹੈ। ਇਸ ਤੋਂ ਇਲਾਵਾ ਟੀਕਾਕਰਣ ਕਾਰਡ ਵਿੱਚ ਬੱਚੇ ਨੂੰ ਹੋਣ ਵਾਲੀਆਂ ਆਮ ਬਿਮਾਰੀਆਂ ਸਬੰਧੀ ਵੀ ਜਾਣਕਾਰੀ ਪ੍ਰਦਾਨ ਕੀਤੀ ਹੋਈ ਹੈ।
ਉਨ੍ਹਾਂ ਕਿਹਾ ਕਿ ਬੱਚਿਆਂ ਦੀ ਚੰਗੀ ਸਿਹਤ ਲਈ ਜ਼ਰੂਰੀ ਹੈ ਕਿ ਮਾਤਾ ਪਿਤਾ ਨੂੰ ਆਪਣੇ ਬੱਚਿਆਂ ਦਾ ਸ਼ਡਿਊਲ ਅਨੁਸਾਰ ਟੀਕਾਕਰਨ ਕਰਵਾਉਣ ਲਈ ਨੇੜਲੀ ਸਿਹਤ ਸੰਸਥਾ ਨਾਲ ਸੰਪਰਕ ਕਰਨ ਤਾਂ ਜੋ ਕੋਈ ਵੀ ਬੱਚਾ ਟੀਕਾਕਰਨ ਤੋਂ ਵਾਂਝਾ ਨਾ ਰਹਿ ਜਾਵੇ।
