ਨਵੀਂ ਦਿੱਲੀ,ਵਿੱਤ ਮੰਤਰਾਲੇ ਨੇ ਸੋਮਵਾਰ ਨੂੰ ਕਿਹਾ ਕਿ ਚਾਲੂ ਵਿੱਤੀ ਸਾਲ 2024-25 ਵਿੱਚ ਲੋਕਾਂ ਲਈ ਨਵੀਂ ਆਮਦਨ ਕਰ ਪ੍ਰਣਾਲੀ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਹਾਲਾਂਕਿ, ਵਿਅਕਤੀਗਤ ਟੈਕਸਦਾਤਾ ਆਪਣੀ ਇਨਕਮ ਟੈਕਸ ਰਿਟਰਨ (ਆਈਟੀਆਰ) ਭਰਦੇ ਸਮੇਂ ਇਸ ਵਿਵਸਥਾ ਤੋਂ ਬਾਹਰ ਹੋਣ ਦਾ ਵਿਕਲਪ ਚੁਣ ਸਕਦੇ ਹਨ।
ਵਿੱਤ ਮੰਤਰਾਲੇ ਵੱਲੋਂ ‘ਐਕਸ’ ਪੋਸਟ ‘ਤੇ ਜਾਰੀ ਬਿਆਨ ‘ਚ ਇਹ ਸਪੱਸ਼ਟੀਕਰਨ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਜਾਰੀ ਉਨ੍ਹਾਂ ਸੂਚਨਾਵਾਂ ਤੋਂ ਬਾਅਦ ਆਇਆ ਹੈ, ਜਿਸ ‘ਚ 1 ਅਪ੍ਰੈਲ 2024 ਤੋਂ ਲਾਗੂ ਨਵੀਂ ਟੈਕਸ ਪ੍ਰਣਾਲੀ ‘ਚ ਕੁਝ ਬਦਲਾਅ ਦਾ ਦਾਅਵਾ ਕੀਤਾ ਗਿਆ ਹੈ। ਮੰਤਰਾਲੇ ਨੇ ਸਪੱਸ਼ਟ ਕੀਤਾ ਕਿ 1 ਅਪ੍ਰੈਲ, 2024 ਤੋਂ ਕੋਈ ਨਵਾਂ ਬਦਲਾਅ ਨਹੀਂ ਕੀਤਾ ਗਿਆ ਹੈ।
ਮੰਤਰਾਲੇ ਨੇ ਕਿਹਾ ਹੈ ਕਿ ਨਵੀਂ ਆਮਦਨ ਕਰ ਪ੍ਰਣਾਲੀ ‘ਡਿਫਾਲਟ’ ਟੈਕਸ ਪ੍ਰਣਾਲੀ ਹੈ। ਹਾਲਾਂਕਿ, ਟੈਕਸਦਾਤਾ ਆਮਦਨ ਟੈਕਸ ਪ੍ਰਣਾਲੀ (ਪੁਰਾਣੀ ਜਾਂ ਨਵੀਂ) ਦੀ ਚੋਣ ਕਰ ਸਕਦੇ ਹਨ ਜੋ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਲਈ ਲਾਭਦਾਇਕ ਹੈ। ਵਿੱਤ ਮੰਤਰਾਲੇ ਦੇ ਅਨੁਸਾਰ, ਨਵੀਂ ਟੈਕਸ ਪ੍ਰਣਾਲੀ ਤੋਂ ਬਾਹਰ ਹੋਣ ਦਾ ਵਿਕਲਪ ਵਿੱਤੀ ਸਾਲ 2024-25 ਲਈ ਆਈਟੀਆਰ ਫਾਈਲ ਕਰਨ ਤੱਕ ਉਪਲੱਬਧ ਹੈ।
ਜ਼ਿਕਰਯੋਗ ਹੈ ਕਿ 1 ਅਪ੍ਰੈਲ 2023 ਤੋਂ ਸ਼ੁਰੂ ਹੋਏ ਵਿੱਤੀ ਸਾਲ 2023-24 ਵਿੱਚ ਲੋਕਾਂ ਲਈ ਇੱਕ ਸੰਸ਼ੋਧਿਤ ਨਵੀਂ ਟੈਕਸ ਪ੍ਰਣਾਲੀ ਲਾਗੂ ਕੀਤੀ ਗਈ ਸੀ, ਜਿਸ ਦੇ ਤਹਿਤ ਟੈਕਸ ਦਰਾਂ ਬਹੁਤ ਘੱਟ ਹਨ। ਨਵੀਂ ਟੈਕਸ ਪ੍ਰਣਾਲੀ ਵਿੱਚ ਪੁਰਾਣੀ ਆਮਦਨ ਟੈਕਸ ਪ੍ਰਣਾਲੀ ਵਾਂਗ ਵੱਖ-ਵੱਖ ਛੋਟਾਂ ਅਤੇ ਹੋਰ ਕਟੌਤੀਆਂ (ਤਨਖਾਹ ਤੋਂ 50,000 ਰੁਪਏ ਅਤੇ ਪਰਿਵਾਰਕ ਪੈਨਸ਼ਨ ਤੋਂ 15,000 ਰੁਪਏ ਦੀ ਮਿਆਰੀ ਕਟੌਤੀ ਨੂੰ ਛੱਡ ਕੇ) ਦਾ ਲਾਭ ਮੌਜੂਦ ਨਹੀਂ ਹੈ।
