ਮਾਨਸਾ, 01 ਅਪ੍ਰੈਲ । ਪਾਰਲੀਮੈਂਟ ਦੀਆਂ ਚੋਣਾਂ ਦੇ ਐਲਾਨ ਦੇ ਨਾਲ ਹੀ ਪੰਜਾਬ ਵਿੱਚ ਕਿਸਾਨੀ ਘੋਲਾਂ ਨੇ ਨਵਾਂ ਵੇਗ ਅਖਤਿਆਰ ਕਰ ਲਿਆ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵੱਲੋਂ ਸੂਬਾ ਕਮੇਟੀ ਦੀ ਅਗਵਾਈ ਵਿੱਚ ਮਾਨਸਾ ਜ਼ਿਲ੍ਹੇ ਅੰਦਰ ਕੁੱਲਰੀਆਂ ਪਿੰਡ ਦੇ ਕਿਸਾਨਾਂ ਦੀਆਂ ਜ਼ਮੀਨਾਂ ਬਚਾਉਣ ਲਈ ਲੜੇ ਜਾ ਰਹੇ ਘੋਲ ਦੀ ਕਮਾਨ ਖੁਦ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਸੰਭਾਲ ਲਈ ਹੈ। ਪਿਛਲੇ 7 ਦਿਨਾਂ ਤੋਂ ਮਾਨਸਾ ਜ਼ਿਲ੍ਹੇ ਦੇ ਸਾਰੇ ਬਲਾਕਾਂ ਦੇ ਦਰਜਨਾਂ ਪਿੰਡਾਂ ਵਿੱਚ ਵੱਡੀਆਂ ਮੀਟਿੰਗਾਂ ਹੋਈਆਂ ਹਨ ਅਤੇ ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਇਨਾਂ ਮੀਟਿੰਗਾਂ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਕਿਸਾਨ-ਮਜ਼ਦੂਰ ਅਤੇ ਬੀਬੀਆਂ ਸ਼ਾਮਿਲ ਹੋ ਰਹੀਆਂ ਹਨ।
ਇਹਨਾਂ ਮੀਟਿੰਗਾਂ ਨੂੰ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਤੋਂ ਇਲਾਵਾ ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਕਿਸ਼ਨਗੜ੍ਹ, ਮੱਖਣ ਸਿੰਘ ਭੈਣੀ ਬਾਘਾ, ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਅਕਲੀਆ, ਬਲਵਿੰਦਰ ਸ਼ਰਮਾ ਖਿਆਲਾ, ਦੇਵੀ ਰਾਮ ਰੰਘੜਿਆਲ ਅਤੇ ਬਲਕਾਰ ਸਿੰਘ ਚਹਿਲਾਂ ਵਾਲੀ ਸੰਬੋਧਨ ਕਰ ਰਹੇ ਹਨ। ਪਿੰਡ ਖਿਆਲਾ ਕਲਾਂ, ਪੇਰੋਂ, ਅਨੂਪਗੜ੍ਹ, ਅਲੀਸ਼ੇਰ, ਬੋਹਾ, ਕੁੱਲਰੀਆਂ, ਬਹਾਦਰਪੁਰ, ਕਿਸ਼ਨਗੜ੍ਹ, ਅਹਿਮਦਪੁਰ, ਰੱਲਾ, ਰੜ੍ਹ, ਅਤਲਾ ਕਲਾਂ, ਕੋਟੜਾ ਕਲਾਂ, ਬੋਹਾ, ਚੱਕ ਅਲੀਸ਼ੇਰ, ਬਰ੍ਹੇ, ਮੱਲ ਸਿੰਘ ਵਾਲਾ, ਮੰਡੇਰਨਾ, ਹੁੱਲਕ, ਰਾਮਾਨੰਦੀ, ਘੁੱਦੂਵਾਲਾ, ਕੁੱਲਰੀਆਂ ਅਤੇ ਖਿਆਲੀ ਚਹਿਲਾਂ ਵਾਲੀ ਵਿਖੇ ਹੋਈਆਂ ਮੀਟਿੰਗਾਂ ਵਿੱਚ ਹੋਏ ਇਕੱਠ ਵਰਨਣਯੋਗ ਹਨ।
ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਅਤੇ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਦੱਸਿਆ ਕਿ ਵੱਖ ਵੱਖ ਜ਼ਿਲ੍ਹਿਆਂ ਦੀਆਂ ਰਿਪੋਰਟਾਂ ਅਨੁਸਾਰ ਮਾਨਸਾ ਤੋਂ ਇਲਾਵਾ ਬਰਨਾਲਾ, ਬਠਿੰਡਾ, ਮੋਗਾ, ਫਰੀਦਕੋਟ, ਫਿਰੋਜ਼ਪੁਰ, ਫਾਜ਼ਿਲਕਾ, ਲੁਧਿਆਣਾ, ਮੁਕਤਸਰ ਸਾਹਿਬ, ਮੁਹਾਲੀ, ਕਪੂਰਥਲਾ, ਮਲੇਰਕੋਟਲਾ ਅਤੇ ਸੰਗਰੂਰ ਵਿਖੇ ਇਸੇ ਤਰ੍ਹਾਂ ਮੀਟਿੰਗਾਂ ਕਰ ਕੇ ਤਿਆਰੀਆਂ ਕੀਤੀਆਂ ਜਾ ਚੁੱਕੀਆਂ ਹਨ। 2 ਅਪ੍ਰੈਲ ਨੂੰ ਹਜ਼ਾਰਾਂ ਕਿਸਾਨ ਅਤੇ ਬੀਬੀਆਂ ਮਾਨਸਾ ਵਿਖੇ ਪ੍ਰਸ਼ਾਸਨ ਦਾ ਘਿਰਾਓ ਕਰਨ ਲਈ ਤਿਆਰੀਆਂ ਵਿੱਚ ਜੁਟੇ ਹੋਏ ਹਨ।
ਦੱਸਣਯੋਗ ਹੈ ਕਿ ਮਾਨਸਾ ਜ਼ਿਲੇ ਅੰਦਰ ਮੁਰੱਬੇਬੰਦੀ ਵਿਭਾਗ ਵੱਲੋਂ ਕਿਸਾਨਾਂ ਨੂੰ ਅਲਾਟ ਕੀਤੀ ਜ਼ਮੀਨ ਖੋਹਣ ਲਈ ਲੱਗਭੱਗ 16 ਪਿੰਡਾਂ ਦੀਆਂ ਪੰਚਾਇਤਾਂ ਨੂੰ ਨੋਟਿਸ ਜਾਰੀ ਕੀਤੇ ਹੋਏ ਹਨ। ਪਿੰਡ ਕੁੱਲਰੀਆਂ ਦੀ ਜ਼ਮੀਨ ਤੇ ਕਬਜ਼ਾ ਕਰਨ ਲਈ ਪੰਚਾਇਤ ਅਤੇ ਪ੍ਰਸ਼ਾਸਨ ਨੇ ਕਈ ਵਾਰ ਕੋਸ਼ਿਸ਼ਾਂ ਕੀਤੀਆਂ ਹਨ। ਇਸ ਦੌਰਾਨ ਕਿਸਾਨਾਂ ਤੇ ਜਾਨਲੇਵਾ ਹਮਲੇ ਵੀ ਹੋਏ ਹਨ ਅਤੇ ਲੱਗਭੱਗ ਇੱਕ ਸਾਲ ਤੋਂ ਇਹ ਘੋਲ ਕਿਸੇ ਨਾ ਕਿਸੇ ਰੂਪ ਵਿੱਚ ਜਾਰੀ ਹੈ। 6 ਜਨਵਰੀ ਤੋਂ ਡੀਐਸਪੀ ਬੁਢਲਾਡਾ ਦੇ ਦਫਤਰ ਅੱਗੇ ਪੱਕਾ ਮੋਰਚਾ ਸ਼ਾਂਤਮਈ ਜਾਰੀ ਹੈ। ਮਾਨਸਾ ਦੇ ਐਸਐਸਪੀ ਅਤੇ ਡੀਸੀ ਵੱਲੋਂ ਕਿਸਾਨਾਂ ਨਾਲ ਵਾਅਦਾ ਕਰਨ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਹੋ ਰਹੀ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਹਲਕਾ ਵਿਧਾਇਕ ਬੁੱਧਰਾਮ ਦੀ ਸਿਆਸੀ ਸ਼ਹਿ ਤੇ ਗੁੰਡਿਆਂ ਦੀ ਪੁਸ਼ਤਪਨਾਹੀ ਕੀਤੀ ਜਾ ਰਹੀ ਹੈ।
ਜਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਜਿਵੇਂ ਪੰਜਾਬ ਵਿੱਚ ਇਤਿਹਾਸਕ ਪੈਪਸੂ ਮੁਜ਼ਾਰਾ ਲਹਿਰ ਜ਼ਮੀਨੀ ਘੋਲ ਲੜਿਆ ਗਿਆ ਸੀ, ਬਿਲਕੁੱਲ ਉਸੇ ਤਰ੍ਹਾਂ ਇਹ ਘੋਲ ਵੀ ਕਿਸਾਨਾਂ ਦੀਆਂ ਜ਼ਮੀਨਾਂ ਬਚਾਉਣ ਲਈ ਲੜਿਆ ਜਾ ਰਿਹਾ ਇਤਿਹਾਸਕ ਘੋਲ ਸਾਬਤ ਹੋਵੇਗਾ। 2 ਅਪ੍ਰੈਲ ਨੂੰ ਮਾਨਸਾ ਦੇ ਜ਼ਿਲ੍ਹਾ ਪ੍ਰਸ਼ਾਸਨ ਦੇ ਘਿਰਾਓ ਸਮੇਂ ਕੀਤੇ ਜਾਣ ਵਾਲਾ ਇਹ ਇਕੱਠ ਇਤਿਹਾਸਕ ਹੋਵੇਗਾ ਅਤੇ ਸਰਕਾਰਾਂ ਨੂੰ ਦੱਸ ਦੇਵੇਗਾ ਕਿ ਕਿਸਾਨ ਆਪਣੀ ਜ਼ਮੀਨ ਦਾ ਕਬਜ਼ਾ ਕਿਸੇ ਵੀ ਹਾਲਤ ਵਿੱਚ ਨਹੀਂ ਛੱਡਣਗੇ। ਪ੍ਰਸ਼ਾਸਨ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਸਾਡੇ ਘੋਲ ਨੂੰ ਲਮਕਾ ਕੇ ਕੁੱਲਰੀਆਂ ਦੇ ਕਿਸਾਨਾਂ ਅਤੇ ਜਥੇਬੰਦੀ ਦੇ ਸਿਦਕ ਦੀ ਪਰਖ਼ ਕਰਨਾ ਚਾਹੁੰਦੀ ਹੈ। ਆਗੂਆਂ ਨੇ ਦੱਸਿਆ ਕਿ ਇਹ ਘੋਲ ਦਿੱਲੀ ਦੇ ਘੋਲ ਦੀ ਤਰਜ਼ ‘ਤੇ ਭਾਵੇਂ ਜਿੰਨਾ ਮਰਜ਼ੀ ਲੰਬਾ ਚੱਲੇ ਪਰ ਖ਼ਤਮ ਜੇਤੂ ਜੈਕਾਰਿਆਂ ਨਾਲ ਹੀ ਹੋਵੇਗਾ। 2 ਅਪ੍ਰੈਲ ਨੂੰ ਹੀ ਅਗਲੇ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਹੋਰ ਭਰਾਤਰੀ ਕਿਸਾਨ ਜਥੇਬੰਦੀਆਂ ਵੀ ਇਸ ਦਿਨ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋ ਕੇ ਹਮਾਇਤੀ ਲਲਕਾਰਾ ਮਾਰਨਗੀਆਂ।
