ਕੋਲਕਾਤਾ, 27 ਮਾਰਚ । ਰਾਮਕ੍ਰਿਸ਼ਨ ਮਿਸ਼ਨ ਦੇ ਪ੍ਰਧਾਨ ਸਵਾਮੀ ਸਮਰਣਾਨੰਦ ਦਾ ਮੰਗਲਵਾਰ ਰਾਤ 95 ਸਾਲ ਦੀ ਉਮਰ ‘ਚ ਬ੍ਰਹਮਲੀਨ ਹੋ ਗਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਸਮੇਤ ਹੋਰ ਪਤਵੰਤਿਆਂ ਨੇ ਸੋਗ ਪ੍ਰਗਟ ਕੀਤਾ ਹੈ। ਉਹ 2017 ’ਚ ਰਾਮਕ੍ਰਿਸ਼ਨ ਮਿਸ਼ਨ ਦੇ 16ਵੇਂ ਪ੍ਰਧਾਨ ਬਣੇ ਸਨ।
ਸੋਗਮਈ ਰਾਮਕ੍ਰਿਸ਼ਨ ਮਿਸ਼ਨ ਨੇ ਰਾਤ ਨੂੰ ਬਿਆਨ ਜਾਰੀ ਕਰਕੇ ਕਿਹਾ, “ਰਾਮਕ੍ਰਿਸ਼ਨ ਮੱਠ ਅਤੇ ਰਾਮਕ੍ਰਿਸ਼ਨ ਮਿਸ਼ਨ ਦੇ ਸਭ ਤੋਂ ਸਤਿਕਾਰਯੋਗ ਪ੍ਰਧਾਨ ਸ਼੍ਰੀਮਤ ਸਵਾਮੀ ਸਮਰਣਾਨੰਦ ਜੀ ਮਹਾਰਾਜ ਨੇ ਅੱਜ ਰਾਤ 8.14 ਵਜੇ ਮਹਾਸਮਾਧੀ ਲੈ ਲਈ।” ਉਨ੍ਹਾਂ ਨੂੰ ਸੰਕਰਮਣ ਕਾਰਨ 29 ਜਨਵਰੀ ਨੂੰ ਰਾਮਕ੍ਰਿਸ਼ਨ ਮਿਸ਼ਨ ਸੇਵਾ ਪ੍ਰਤਿਸ਼ਠਾਨ ਵਿੱਚ ਭਰਤੀ ਕਰਵਾਇਆ ਗਿਆ ਸੀ। ਬਾਅਦ ਵਿੱਚ ਉਨ੍ਹਾਂ ਦੀ ਸਾਹ ਲੈਣ ’ਚ ਤਕਲੀਫ ਵਧ ਗਈ। ਉਨ੍ਹਾਂ ਨੂੰ 3 ਮਾਰਚ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਸੀ।
ਪ੍ਰਧਾਨ ਮੰਤਰੀ ਮੋਦੀ ਨੇ ਐਕਸ-ਹੈਂਡਲ ਪੋਸਟ ਵਿੱਚ ਕਿਹਾ, “ਉਨ੍ਹਾਂ ਨੇ ਅਣਗਿਣਤ ਦਿਲਾਂ ਅਤੇ ਦਿਮਾਗਾਂ ਉੱਤੇ ਇੱਕ ਅਮਿੱਟ ਛਾਪ ਛੱਡੀ ਹੈ। ਉਨ੍ਹਾਂ ਦੀ ਹਮਦਰਦੀ ਅਤੇ ਸੂਝ-ਬੂਝ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ।” ਉਨ੍ਹਾਂ ਕਿਹਾ, ”ਸਾਲਾਂ ਤੋਂ ਮੇਰਾ ਉਨ੍ਹਾਂ ਨਾਲ ਬਹੁਤ ਨਜ਼ਦੀਕੀ ਰਿਸ਼ਤਾ ਰਿਹਾ ਹੈ। ਮੈਨੂੰ 2020 ਵਿੱਚ ਬੇਲੂਰ ਮੱਠ ਦੀ ਮੇਰੀ ਫੇਰੀ ਯਾਦ ਹੈ ਜਦੋਂ ਮੈਂ ਉਨ੍ਹਾਂ ਨਾਲ ਗੱਲਬਾਤ ਕੀਤੀ ਸੀ। ਕੁਝ ਹਫ਼ਤੇ ਪਹਿਲਾਂ ਮੈਂ ਕੋਲਕਾਤਾ ਦੇ ਹਸਪਤਾਲ ਵੀ ਗਿਆ ਸੀ ਅਤੇ ਉਨ੍ਹਾਂ ਦੀ ਸਿਹਤ ਬਾਰੇ ਜਾਣਕਾਰੀ ਲਈ ਸੀ।’’
ਪੱਛਮੀ ਬੰਗਾਲ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸੁਭੇਂਦੂ ਅਧਿਕਾਰੀ ਨੇ ਵੀ ਦੁੱਖ ਪ੍ਰਗਟ ਕੀਤਾ ਹੈ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੋਸ਼ਲ ਮੀਡੀਆ ‘ਤੇ ਲਿਖਿਆ ਹੈ ਕਿ ਰਾਮਕ੍ਰਿਸ਼ਨ ਮਿਸ਼ਨ ਦੇ ਪ੍ਰਧਾਨ ਸਵਾਮੀ ਸਮਰਣਾਨੰਦ ਦੇ ਦਿਹਾਂਤ ਦੀ ਖਬਰ ਸੁਣ ਕੇ ਦੁਖੀ ਹਾਂ। ਉਨ੍ਹਾਂ ਦੇ ਜਾਣ ਨਾਲ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
