ਨਿਊਯਾਰਕ, 26 ਮਾਰਚ ਫੈਡਰਲ ਜਾਂਚ ਏਜੰਸੀ ਨੇ ਸੋਮਵਾਰ ਨੂੰ ਅਮਰੀਕੀ ਰੈਪਰ ਅਤੇ ਰਿਕਾਰਡ ਨਿਰਮਾਤਾ ਸੀਨ ਕੋਂਬਸ ਦੇ ਲਾਸ ਏਂਜਲਸ ਅਤੇ ਮਿਆਮੀ ਖੇਤਰਾਂ ‘ਚ ਘਰਾਂ ‘ਤੇ ਛਾਪੇਮਾਰੀ ਕੀਤੀ। ਕੋਂਬਸ ਨੂੰ ਪਫ ਡੈਡੀ ਜਾਂ ਡਿਡੀ ਵੀ ਕਿਹਾ ਜਾਂਦਾ ਹੈ। ਉਹ ਕਈ ਮਹੀਨਿਆਂ ਤੋਂ ਜਿਨਸੀ ਸ਼ੋਸ਼ਣ ਵਰਗੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ।
ਦਿ ਨਿਊਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਇਹ ਕਾਰਵਾਈ ਹੋਮਲੈਂਡ ਸਕਿਓਰਿਟੀ ਇਨਵੈਸਟੀਗੇਸ਼ਨ ਵੱਲੋਂ ਕੀਤੀ ਗਈ ਹੈ। ਇਸ ’ਤੇ ਕੋਂਬਸ ਦੇ ਬੁਲਾਰੇ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਹੋਮਲੈਂਡ ਸਿਕਿਓਰਿਟੀ ਇਨਵੈਸਟੀਗੇਸ਼ਨ ਦੇ ਬੁਲਾਰੇ ਨਿਕੋਲਸ ਬਾਯਸੇ ਨੇ ਵੀ ਕੁੱਝ ਵੀ ਕਹਿਣ ਤੋਂ ਗੁਰੇਜ਼ ਕੀਤਾ।
ਹਾਲਾਂਕਿ, ਹੋਮਲੈਂਡ ਸਕਿਓਰਿਟੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਨਿਊਯਾਰਕ ਦੇ ਏਜੰਟਾਂ ਨੇ ਐਚਐਸਆਈ ਲਾਸ ਏਂਜਲਸ, ਐਚਐਸਆਈ ਮਿਆਮੀ ਅਤੇ ਸਾਡੇ ਸਥਾਨਕ ਕਾਨੂੰਨ ਲਾਗੂ ਕਰਨ ਵਾਲੇ ਭਾਈਵਾਲਾਂ ਦੀ ਸਹਾਇਤਾ ਨਾਲ ਇਹ ਕਾਰਵਾਈ ਕੀਤੀ। ਜ਼ਿਕਰਯੋਗ ਹੈ ਕਿ ਸ਼ੌਨ ਕੋਂਬਸ ਉੱਤੇ ਮਿਊਜ਼ਿਕ ਪ੍ਰੋਡਿਊਸਰ ਰੋਡਨੀ ਲਿਲ ਰੌਡ ਜੋਨਸ ਨੇ ਮੁਕੱਦਮਾ ਕੀਤਾ ਹੈ। ਉਸਨੇ ਉਨ੍ਹਾਂ ‘ਤੇ ਜਿਨਸੀ ਸ਼ੋਸ਼ਣ ਕਰਨ ਅਤੇ ਉਸਨੂੰ ਸੈਕਸ ਵਰਕਰਾਂ ਨਾਲ ਸਰੀਰਕ ਸਬੰਧ ਬਣਾਉਣ ਲਈ ਮਜ਼ਬੂਰ ਕਰਨ ਦਾ ਦੋਸ਼ ਲਗਾਇਆ ਹੈ। ਕੋਂਬਸ ਦੇ ਖਿਲਾਫ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਵਾਲਾ ਇਹ ਪੰਜਵਾਂ ਮੁਕੱਦਮਾ ਹੈ।
ਨਿਊਯਾਰਕ ਦੀ ਇਕ ਅਦਾਲਤ ਵਿੱਚ ਦਾਇਰ ਮੁਕੱਦਮੇ ਦਾ ਜਵਾਬ ਦਿੰਦੇ ਹੋਏ, ਕੋਂਬਸ ਦੇ ਵਕੀਲ ਸ਼ੌਨ ਹੋਲੀ ਨੇ ਕਿਹਾ ਕਿ ਇਹ ਸ਼ੁੱਧ ਕਲਪਨਾ ਸੀ। ਸਾਡੇ ਕੋਲ ਨਿਰਵਿਵਾਦ ਸਬੂਤ ਹਨ ਕਿ ਉਨ੍ਹਾਂ ਦੇ ਦਾਅਵੇ ਪੂਰੀ ਤਰ੍ਹਾਂ ਝੂਠੇ ਹਨ।
