ਨਵੀਂ ਦਿੱਲੀ, 26 ਮਾਰਚ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਅੱਜ (ਮੰਗਲਵਾਰ) ਨੂੰ ਵਿਸ਼ੇਸ਼ ਕਾਨੂੰਨ ਵਿਵਸਥਾ ਦੇ ਮੱਦੇਨਜ਼ਰ ਆਵਾਜਾਈ ਪ੍ਰਭਾਵਿਤ ਰਹੇਗੀ। ਇਸ ਦੇ ਲਈ ਪੁਲਿਸ ਨੇ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਹੈ। ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਸਰਪ੍ਰਸਤ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ ‘ਚ ਪਾਰਟੀ ਨੇ 26 ਮਾਰਚ ਨੂੰ ਪ੍ਰਧਾਨ ਮੰਤਰੀ ਨਿਵਾਸ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਹੈ। ਕੇਜਰੀਵਾਲ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਦਿੱਲੀ ਸਰਕਾਰ ਦੀ ਕਥਿਤ ਆਬਕਾਰੀ ਨੀਤੀ ਘੁਟਾਲੇ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਹੈ।
ਟ੍ਰੈਫਿਕ ਐਡਵਾਈਜ਼ਰੀ ਮੁਤਾਬਕ ਤੁਗਲਕ ਰੋਡ, ਸਫਦਰਜੰਗ ਰੋਡ ਅਤੇ ਕਮਾਲ ਅਤਾਤੁਰਕ ਮਾਰਗ ‘ਤੇ ਕਿਸੇ ਵੀ ਵਾਹਨ ਨੂੰ ਰੁਕਣ ਜਾਂ ਪਾਰਕ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸ ‘ਤੇ ਕਾਨੂੰਨੀ ਹਦਾਇਤਾਂ ਦੀ ਉਲੰਘਣਾ ਕਰਨ ਦਾ ਮੁਕੱਦਮਾ ਚਲਾਇਆ ਜਾਵੇਗਾ। ਵਾਹਨਾਂ ਨੂੰ ਕਾਲੀ ਬਾੜੀ ਮਾਰਗ ‘ਤੇ ਸਥਿਤ ਟ੍ਰੈਫਿਕ ਪਿਟ ਵਿੱਚ ਪਾਰਕ ਕੀਤਾ ਜਾਵੇਗਾ।
ਦਿੱਲੀ ਟ੍ਰੈਫਿਕ ਪੁਲਿਸ ਨੇ ਸਲਾਹ ਦਿੱਤੀ ਹੈ ਕਿ ਵਾਹਨ ਚਾਲਕ ਅਰਬਿੰਦੋ ਚੌਕ, ਤੁਗਲਕ ਰੋਡ, ਸਮਰਾਟ ਹੋਟਲ ਚੌਕ, ਜਿਮਖਾਨਾ ਪੋਸਟ ਆਫਿਸ ਗੋਲ ਚੱਕਰ, ਤੀਨ ਮੂਰਤੀ ਹਾਇਫਾ ਗੋਲ ਚੱਕਰ, ਨੀਤੀ ਮਾਰਗ ਚੌਰਾਹਾ ਅਤੇ ਕੌਟਿਲਿਆ ਮਾਰਗ ਚੌਹਾਰਾ ‘ਤੇ ਕਿਸੇ ਵੀ ਸਮੇਂ ਮੋੜਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਪ੍ਰਾਈਵੇਟ ਵਾਹਨ ਚਾਲਕਾਂ ਨੂੰ ਕਮਾਲ ਅਤਾ ਤੁਰਕ ਮਾਰਗ, ਸਫਦਰਜੰਗ ਰੋਡ, ਅਕਬਰ ਰੋਡ ਅਤੇ ਤੀਨ ਮੂਰਤੀ ਮਾਰਗ ਤੋਂ ਲੰਘਣ ਤੋਂ ਵੱਧ ਤੋਂ ਵੱਧ ਬਚਣਾ ਚਾਹੀਦਾ ਹੈ। ਅਸੁਵਿਧਾ ਤੋਂ ਬਚਣ ਲਈ ਜਨਤਕ ਆਵਾਜਾਈ ਦੀ ਵਰਤੋਂ ਕਰੋ।
ਐਡਵਾਈਜ਼ਰੀ ਵਿੱਚ, ਆਈਐਸਬੀਟੀ, ਰੇਲਵੇ ਸਟੇਸ਼ਨਾਂ ਅਤੇ ਇੰਦਰਾ ਗਾਂਧੀ ਹਵਾਈ ਅੱਡੇ ਵੱਲ ਜਾਣ ਵਾਲੇ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਉਚਿਤ ਸਮੇਂ ਦੇ ਨਾਲ ਆਪਣੀ ਯਾਤਰਾ ਦੀ ਯੋਜਨਾ ਧਿਆਨ ਨਾਲ ਕਰਨ ਨਹੀਂ ਤਾਂ ਉਨ੍ਹਾਂ ਨੂੰ ਅਸੁਵਿਧਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦਿੱਲੀ ਪੁਲਿਸ ਨੇ ਮਦਦ ਲਈ ਨੰਬਰ ਜਾਰੀ ਕੀਤੇ ਹਨ। ਵਟਸਐਪ ਲਈ 8750871493 ਨੰਬਰ ਤੋਂ ਇਲਾਵਾ ਦੋ ਹੋਰ ਨੰਬਰ ਵੀ ਜਾਰੀ ਕੀਤੇ ਗਏ ਹਨ। ਇਹ ਹਨ- 1095 ਅਤੇ 011-25844444।
