ਮਾਸਕੋ, 23 ਮਾਰਚ ਰੂਸ ਦੀ ਰਾਜਧਾਨੀ ਮਾਸਕੋ ਦੇ ਕ੍ਰਾਸਨੋਗੋਰਸਕ ਸ਼ਹਿਰ ਵਿੱਚ ਕ੍ਰੋਕਸ ਸਿਟੀ ਹਾਲ (ਸੰਗੀਤ ਸਥਾਨ) ਵਿੱਚ ਹੋਏ ਅੱਤਵਾਦੀ ਹਮਲੇ ਵਿੱਚ 60 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਰੂਸ ਦੀ ਸਰਕਾਰੀ ਸਮਾਚਾਰ ਏਜੰਸੀ ਤਾਸ ਮੁਤਾਬਕ ਇਹ ਹਮਲਾ ਸ਼ੁੱਕਰਵਾਰ ਸ਼ਾਮ ਨੂੰ ਹੋਇਆ।
ਤਾਸ ਨੇ ਰੂਸੀ ਜਾਂਚ ਏਜੰਸੀ ਦੇ ਇਕ ਸੂਤਰ ਦੇ ਹਵਾਲੇ ਨਾਲ ਕਿਹਾ ਕਿ ਅਸਾਲਟ ਰਾਈਫਲਾਂ ਨਾਲ ਲੈਸ ਅਣਪਛਾਤੇ ਬੰਦੂਕਧਾਰੀਆਂ ਨੇ ਕ੍ਰੋਕਸ ਸਿਟੀ ਹਾਲ ‘ਤੇ ਹਮਲਾ ਕਰਕੇ ਗੋਲੀਬਾਰੀ ਕੀਤੀ। ਇਸ ਦੌਰਾਨ ਧਮਾਕੇ ਨਾਲ ਇਮਾਰਤ ਹਿੱਲ ਗਈ ਅਤੇ ਅੱਗ ਲੱਗ ਗਈ। ਸ਼ੁਰੂਆਤੀ ਜਾਂਚ ‘ਚ ਅੱਤਵਾਦੀ ਹਮਲੇ ‘ਚ 60 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ। ਮੌਤਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਘਟਨਾ ਸਥਾਨ ‘ਤੇ ਅਪਰਾਧ ਅਤੇ ਰੂਸੀ ਜਾਂਚ ਕਮੇਟੀ ਦੇ ਮਾਹਰ ਅੰਦਰੂਨੀ ਮਾਮਲਿਆਂ ਦੇ ਮੰਤਰਾਲੇ ਅਤੇ ਸੰਘੀ ਸੁਰੱਖਿਆ ਸੇਵਾ ਦੀਆਂ ਕਾਰਜਸ਼ੀਲ ਇਕਾਈਆਂ ਦੇ ਨਾਲ ਮਿਲ ਕੇ ਜਾਂਚ ਕਰ ਰਹੇ ਹਨ।
ਕ੍ਰਾਸਨੋਗੋਰਸਕ ਸ਼ਹਿਰ ਦੇ ਸਿਹਤ ਵਿਭਾਗ ਨੇ ਜ਼ਖਮੀਆਂ ਦੀ ਸੂਚੀ ਜਾਰੀ ਕੀਤੀ ਹੈ। ਸਿਹਤ ਵਿਭਾਗ ਦੇ ਅਨੁਸਾਰ, ਕ੍ਰੋਕਸ ਸਿਟੀ ਹਾਲ ‘ਤੇ ਅੱਤਵਾਦੀ ਹਮਲੇ ਤੋਂ ਬਾਅਦ ਮਾਸਕੋ ਦੇ ਸਮੇਂ ਅਨੁਸਾਰ ਸਵੇਰੇ 2 ਵਜੇ ਤੱਕ 80 ਲੋਕਾਂ ਨੂੰ ਮਾਸਕੋ ਦੇ ਹਸਪਤਾਲਾਂ ਵਿੱਚ ਲਿਜਾਇਆ ਗਿਆ। ਵਿਭਾਗ ਨੇ ਹਸਪਤਾਲ ਵਿੱਚ ਦਾਖ਼ਲ ਲੋਕਾਂ ਦੀ ਹਾਲਤ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਇਸ ਦੌਰਾਨ, ਮਾਸਕੋ ਦੇ ਮੇਅਰ ਸਰਗੇਈ ਸੋਬਯਾਨਿਨ ਨੇ ਅਗਲੇ ਦੋ ਦਿਨਾਂ ਵਿੱਚ ਰਾਜਧਾਨੀ ਵਿੱਚ ਸਾਰੇ ਜਨਤਕ ਸਮਾਗਮਾਂ ਨੂੰ ਰੱਦ ਕਰ ਦਿੱਤਾ ਹੈ।
