ਨਵੀਂ ਦਿੱਲੀ, 16 ਮਾਰਚ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਵਿੱਚ ਹੋਣ ਵਾਲੀਆਂ ਆਮ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੇ ਰਾਸ਼ਟਰੀ ਲੋਕਤੰਤਰੀ ਗਠਜੋੜ (ਰਾਜਗ/ਐਨਡੀਏ) ਦੀ ਪ੍ਰਚੰਡ ਜਿੱਤ ਯਕੀਨੀ ਬਣਾਉਣ ਲਈ ਦੱਖਣੀ ਭਾਰਤ ਦੇ ਚੋਣ ਦੌਰੇ ‘ਤੇ ਹਨ। ਉਹ ਅੱਜ (ਸ਼ਨੀਵਾਰ) ਤੇਲੰਗਾਨਾ ਅਤੇ ਕਰਨਾਟਕ ਵਿੱਚ ਚੋਣ ਰੈਲੀਆਂ ਵਿੱਚ ਹਿੱਸਾ ਲੈਣਗੇ। ਭਾਜਪਾ ਨੇ ਆਪਣੇ ਐਕਸ ਹੈਂਡਲ ‘ਤੇ ਪ੍ਰਧਾਨ ਮੰਤਰੀ ਮੋਦੀ ਦੇ ਅੱਜ ਦੇ ਪ੍ਰੋਗਰਾਮ ਦਾ ਵੇਰਵਾ ਸਾਂਝਾ ਕੀਤਾ ਹੈ।
ਪ੍ਰਧਾਨ ਮੰਤਰੀ ਮੋਦੀ ਅੱਜ ਤੇਲੰਗਾਨਾ ਦੇ ਨਗਰਕੁਰਨੂਲ ਵਿੱਚ ਜਨ ਸਭਾ ਨੂੰ ਸੰਬੋਧਨ ਕਰਨਗੇ। ਇਸ ਤੋਂ ਬਾਅਦ ਕਰਨਾਟਕ ਜਾਣਗੇ। ਇੱਥੇ ਕਲਬੁਰਗੀ ਵਿੱਚ ਵੀ ਇੱਕ ਜਨ ਸਭਾ ਨੂੰ ਸੰਬੋਧਨ ਕਰਨਗੇ। ਜ਼ਿਕਰਯੋਗ ਹੈ ਕਿ ਅੱਜ ਹੀ ਭਾਰਤੀ ਚੋਣ ਕਮਿਸ਼ਨ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰਨ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਿਛਲੇ ਕੁਝ ਮਹੀਨਿਆਂ ਤੋਂ ਲਗਾਤਾਰ ਦੱਖਣੀ ਭਾਰਤ ਦੇ ਰਾਜਾਂ ਦਾ ਦੌਰਾ ਕਰ ਰਹੇ ਹਨ। ਸ਼ੁੱਕਰਵਾਰ ਨੂੰ ਵੀ ਉਹ ਤਾਮਿਲਨਾਡੂ, ਕੇਰਲ ਅਤੇ ਤੇਲੰਗਾਨਾ ਪਹੁੰਚੇ। ਉਨ੍ਹਾਂ ਨੇ ਰੈਲੀਆਂ ਅਤੇ ਰੋਡ ਸ਼ੋਅ ਕੀਤੇ। ਇਸ ਦੌਰਾਨ ਭਾਜਪਾ ਅਤੇ ਐਨਡੀਏ ਪਾਰਟੀਆਂ ਲਈ ਵੋਟਾਂ ਮੰਗੀਆਂ।
