ਕਾਨਪੁਰ, 15 ਮਾਰਚ । ਗੁਜੈਨੀ ਥਾਣਾ ਖੇਤਰ ਦੇ ਪਿਪੌਰੀ ਬਿਠੂਰ ਰੋਡ ਨੇੜੇ ਵਾਹਨਾਂ ਦੀ ਚੈਕਿੰਗ ਦੌਰਾਨ ਗੋਲੀਬਾਰੀ ਕਰਕੇ ਭੱਜ ਰਿਹਾ 25 ਹਜ਼ਾਰ ਰੁਪਏ ਦਾ ਇਨਾਮੀ ਅਪਰਾਧੀ ਪੁਲਿਸ ਦੀ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ, ਜਦਕਿ ਉਸਦਾ ਸਾਥੀ ਭੱਜਣ ਵਿੱਚ ਕਾਮਯਾਬ ਹੋ ਗਿਆ। ਜ਼ਖਮੀ ਅਪਰਾਧੀ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ।
ਪੁਲਿਸ ਦੇ ਡਿਪਟੀ ਕਮਿਸ਼ਨਰ ਸਾਊਥ ਰਵਿੰਦਰ ਕੁਮਾਰ ਨੇ ਦੱਸਿਆ ਕਿ ਗੋਲੀ ਨਾਲ ਜ਼ਖਮੀ ਹੋਏ ਅਪਰਾਧੀ ਨੂੰ ਵੀਰਵਾਰ ਦੇਰ ਰਾਤ ਹੋਏ ਪੁਲਿਸ ਮੁਕਾਬਲੇ ਵਿਚ ਫੜਿਆ ਗਿਆ। ਫਿਲਹਾਲ ਉਹ ਹਸਪਤਾਲ ‘ਚ ਜ਼ੇਰੇ ਇਲਾਜ ਹੈ। ਬਦਮਾਸ਼ ਦੀ ਪਛਾਣ ਸਤਯਮ ਤਿਵਾਰੀ ਵਜੋਂ ਹੋਈ ਹੈ।
ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਸ ਨੇ ਕਾਨਪੁਰ ਸ਼ਹਿਰ ‘ਚ ਕਈ ਲੁੱਟ-ਖੋਹ ਦੀਆਂ ਵਾਰਦਾਤਾਂ ਕੀਤੀਆਂ ਹਨ। ਉਸਦੇ ਖਿਲਾਫ ਗੁਜੈਨੀ ਅਤੇ ਬਰਰਾ ਥਾਣਿਆਂ ਵਿੱਚ ਵੀ ਲੁੱਟ-ਖੋਹ ਦੇ ਮਾਮਲੇ ਦਰਜ ਹਨ। ਪੁਲਿਸ ਹੁਣ ਉਸਦੇ ਫਰਾਰ ਸਾਥੀ ਦੀ ਭਾਲ ਕਰ ਰਹੀ ਹੈ।
