ਮੁੰਬਈ, । ਮੁੰਬਈ ਨੇ ਵੀਰਵਾਰ ਨੂੰ ਇੱਥੇ ਵਾਨਖੇੜੇ ਸਟੇਡੀਅਮ ‘ਚ ਵਿਦਰਭ ਨੂੰ 169 ਦੌੜਾਂ ਨਾਲ ਹਰਾ ਕੇ ਰਿਕਾਰਡ 42ਵਾਂ ਰਣਜੀ ਟਰਾਫੀ ਖਿਤਾਬ ਜਿੱਤ ਲਿਆ ਹੈ। ਇਸ ਜਿੱਤ ਨਾਲ ਮੁੰਬਈ ਦਾ ਅੱਠ ਸਾਲ ਦਾ ਰਣਜੀ ਖਿਤਾਬ ਦਾ ਸੋਕਾ ਖਤਮ ਹੋ ਗਿਆ। ਗੇਂਦਬਾਜ਼ਾਂ ਦੇ ਪ੍ਰਦਰਸ਼ਨ ਦੀ ਅਗਵਾਈ ਅਨੁਭਵੀ ਧਵਲ ਕੁਲਕਰਨੀ ਕਰ ਰਹੇ ਸਨ ਜੋ ਆਪਣਾ ਵਿਦਾਈ ਮੈਚ ਖੇਡ ਰਹੇ ਸਨ, ਮੁੰਬਈ ਦੀ ਜਿੱਤ ਕੁਲਕਰਨੀ ਲਈ ਘਰੇਲੂ ਕ੍ਰਿਕਟ ‘ਚ ਸ਼ਾਨਦਾਰ ਵਿਦਾਇਗੀ ਤੋਹਫਾ ਸੀ।
ਮੈਚ ‘ਚ ਵਿਦਰਭ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਮੁੰਬਈ ਦੀ ਟੀਮ ਨੇ ਆਪਣੀ ਪਹਿਲੀ ਪਾਰੀ ਵਿੱਚ ਸ਼ਾਰਦੁਲ ਠਾਕੁਰ ਦੇ 75 ਦੌੜਾਂ ਦੇ ਸ਼ਾਨਦਾਰ ਅਰਧ ਸੈਂਕੜੇ ਅਤੇ ਪ੍ਰਿਥਵੀ ਸ਼ਾਅ (46) ਅਤੇ ਭੁਪੇਨ ਲਾਲਵਾਨੀ (37) ਦੀਆਂ ਅਹਿਮ ਪਾਰੀਆਂ ਦੀ ਬਦੌਲਤ 224 ਦੌੜਾਂ ਬਣਾਈਆਂ। ਵਿਦਰਭ ਲਈ ਯਸ਼ ਠਾਕੁਰ ਅਤੇ ਹਰਸ਼ ਦੂਬੇ ਨੇ 3-3 ਵਿਕਟਾਂ ਲਈਆਂ, ਜਦਕਿ ਉਮੇਸ਼ ਯਾਦਵ ਨੇ 2 ਅਤੇ ਆਦਿਤਿਆ ਠਾਕਰੇ ਨੇ 1 ਵਿਕਟ ਹਾਸਲ ਕੀਤੀ।
ਜਵਾਬ ‘ਚ ਵਿਦਰਭ ਦੀ ਟੀਮ ਪਹਿਲੀ ਪਾਰੀ ‘ਚ ਸਿਰਫ 105 ਦੌੜਾਂ ‘ਤੇ ਹੀ ਸਿਮਟ ਗਈ। ਵਿਦਰਭ ਲਈ ਅਥਰਵ ਟਾਡੇ ਨੇ 23 ਅਤੇ ਯਸ਼ ਰਾਠੌਰ ਨੇ 27 ਦੌੜਾਂ ਬਣਾਈਆਂ। ਵਿਦਰਭ ਦੇ 6 ਬੱਲੇਬਾਜ਼ ਦੋਹਰਾ ਅੰਕੜਾ ਵੀ ਪਾਰ ਨਹੀਂ ਕਰ ਸਕੇ। ਮੁੰਬਈ ਲਈ ਧਵਲ ਕੁਲਕਰਨੀ, ਸ਼ਮਸ ਮੁਲਾਨੀ ਅਤੇ ਤਨੁਸ਼ ਕੋਟੀਅਨ ਨੇ 3-3 ਵਿਕਟਾਂ ਲਈਆਂ ਜਦਕਿ ਸ਼ਾਰਦੁਲ ਠਾਕੁਰ ਨੂੰ 1 ਵਿਕਟ ਮਿਲੀ।
ਪਹਿਲੀ ਪਾਰੀ ਦੇ ਆਧਾਰ ‘ਤੇ ਮੁੰਬਈ ਨੂੰ 119 ਦੌੜਾਂ ਦੀ ਬੜ੍ਹਤ ਮਿਲੀ। ਮੁੰਬਈ ਨੇ ਦੂਜੀ ਪਾਰੀ ਵਿੱਚ ਮੁਸ਼ੀਰ ਖਾਨ (136) ਦੇ ਸ਼ਾਨਦਾਰ ਸੈਂਕੜੇ ਅਤੇ ਸ਼੍ਰੇਅਸ ਅਈਅਰ (111 ਗੇਂਦਾਂ ਵਿੱਚ 95 ਦੌੜਾਂ), ਕਪਤਾਨ ਅਜਿੰਕਿਆ ਰਹਾਣੇ (73) ਅਤੇ ਸ਼ਮਸ ਮੁਲਾਨੀ (ਅਜੇਤੂ 50 ਦੌੜਾਂ) ਦੇ ਸ਼ਾਨਦਾਰ ਅਰਧ ਸੈਂਕੜੇ ਦੀ ਬਦੌਲਤ 418 ਦੌੜਾਂ ਬਣਾਈਆਂ ਅਤੇ ਵਿਦਰਭ ਨੂੰ 538 ਦੌੜਾਂ ਦਾ ਟੀਚਾ ਦਿੱਤਾ। ਵਿਦਰਭ ਲਈ ਦੂਜੀ ਪਾਰੀ ‘ਚ ਹਰਸ਼ ਦੁਬੇ ਨੇ 5 ਵਿਕਟਾਂ, ਯਸ਼ ਠਾਕੁਰ ਨੇ 3 ਵਿਕਟਾਂ, ਆਦਿਤਿਆ ਠਾਕਰੇ ਅਤੇ ਅਮਨ ਮੋਖੜੇ ਨੇ 1-1 ਵਿਕਟ ਲਈ।
ਜਵਾਬ ਵਿੱਚ ਅਕਸ਼ੈ ਵਾਡੇਕਰ (102) ਦੇ ਸ਼ਾਨਦਾਰ ਸੈਂਕੜੇ ਅਤੇ ਕਰੁਣ ਨਾਇਰ (74) ਅਤੇ ਹਰਸ਼ ਦੂਬੇ (65) ਦੇ ਸ਼ਾਨਦਾਰ ਅਰਧ ਸੈਂਕੜਿਆਂ ਦੇ ਬਾਵਜੂਦ ਵਿਦਰਭ ਸਿਰਫ਼ 368 ਦੌੜਾਂ ਹੀ ਬਣਾ ਸਕਿਆ ਅਤੇ 169 ਦੌੜਾਂ ਨਾਲ ਮੈਚ ਹਾਰ ਗਿਆ।
ਮੁੰਬਈ ਲਈ ਦੂਜੀ ਪਾਰੀ ਵਿੱਚ ਤਨੁਸ਼ ਕੋਟੀਅਨ ਨੇ 4 ਵਿਕਟਾਂ, ਮੁਸ਼ੀਰ ਖਾਨ ਅਤੇ ਤੁਸ਼ਾਰ ਦੇਸ਼ਪਾਂਡੇ ਨੇ 2-2 ਵਿਕਟਾਂ ਅਤੇ ਧਵਲ ਕੁਲਕਰਨੀ ਅਤੇ ਸ਼ਮਸ ਮੁਲਾਨੀ ਨੇ 1-1 ਵਿਕਟ ਲਈ। ਮੁਸ਼ੀਰ ਖਾਨ ਨੂੰ ਉਨ੍ਹਾਂ ਦੇ ਸ਼ਾਨਦਾਰ ਆਲਰਾਊਂਡਰ ਪ੍ਰਦਰਸ਼ਨ ਲਈ ਮੈਨ ਆਫ ਦਾ ਮੈਚ ਚੁਣਿਆ ਗਿਆ।
